![ਮਾੜੀਆਂ ਜ਼ਮੀਨਾਂ ਵਿੱਚ ਆਂਵਲੇ ਦੀ ਕਾਸ਼ਤ ਅਤੇ ਪ੍ਰੋਸੈਸਿੰਗ ਮਾੜੀਆਂ ਜ਼ਮੀਨਾਂ ਵਿੱਚ ਆਂਵਲੇ ਦੀ ਕਾਸ਼ਤ ਅਤੇ ਪ੍ਰੋਸੈਸਿੰਗ](https://d2ldof4kvyiyer.cloudfront.net/media/17251/amla.jpg)
ਮਾੜੀਆਂ ਜ਼ਮੀਨਾਂ ਵਿੱਚ ਆਂਵਲੇ ਦੀ ਕਾਸ਼ਤ ਅਤੇ ਪ੍ਰੋਸੈਸਿੰਗ
Amla Cultivation: ਅੰਮ੍ਰਿਤ ਫਲ “ਆਂਵਲਾ” ਪੰਜਾਬ ਦੇ ਸੇਂਜੂ ਖੁਸ਼ਕ ਇਲਾਕਿਆਂ ਵਿਚ ਪਾਇਆ ਜਾਣ ਵਾਲਾ ਖੁਰਾਕੀ ਤੱਤਾਂ ਨਾਲ ਭਰਪੂਰ ਅਤੇ ਲਾਭਕਾਰੀ ਫ਼ਲ ਹੈ। ਇਸ ਵਿਚ ਸੰਤਰੇ ਨਾਲੋਂ ਤਕਰੀਬਨ 15 ਤੋਂ 20 ਗੁਣਾ ਵੱਧ ਵਿਟਾਮਿਨ ਸੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਕੈਲਸ਼ੀਅਮ, ਫਾਸਫੋਰਸ, ਲੋਹਾ ਅਤੇ ਖਣਿਜ ਪਦਾਰਥਾਂ ਦਾ ਉੱਤਮ ਸ੍ਰੋਤ ਹੈ। ਐਂਟੀਆਕਸੀਡੈਂਟ ਦੀ ਮਾਤਰਾ ਭਰਪੂਰ ਹੋਣ ਕਾਰਨ ਇਹ ਬਿਮਾਰੀਆਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ। ਸਿਹਤ ਨਾਲ ਜੁੜੀਆਂ ਪਰੇਸ਼ਾਨੀਆਂ ਲਈ ਆਂਵਲਾ ਰਾਮਬਾਣ ਤੋਂ ਘੱਟ ਨਹੀਂ ਹੈ। ਕੈਂਸਰ ਵਰਗੇ ਜਾਨਲੇਵਾ ਰੋਗਾਂ ਵਿਚ ਵੀ ਆਂਵਲੇ ਦੀ ਰੋਗ ਪ੍ਰਤੀਰੋਧਕ ਸਮਰੱਥਾ ਸਾਬਿਤ ਹੋ ਚੁੱਕੀ ਹੈ।
ਜੇਕਰ ਇਸ ਦੇ ਰੁੱਖਾਂ ਜਾਂ ਬਾਗ ਦੀ ਗੱਲ ਕਰੀਏ ਤਾਂ ਆਂਵਲਾ ਇਕ ਬਹੁਤ ਹੀ ਸਖਤ ਜਾਨ ਫਲ ਹੈ ਅਤੇ ਇਸਨੂੰ ਅਜਿਹੀਆਂ ਜ਼ਮੀਨਾਂ 'ਤੇ ਵੀ ਉਗਾਇਆ ਜਾ ਸਕਦਾ ਹੈ ਜਿਥੇ ਕਿਸੇ ਹੋਰ ਫਲ ਦੀ ਕਾਸ਼ਤ ਸੰਭਵ ਨਹੀਂ ਹੁੰਦੀ। ਇਸ ਤੋਂ ਇਲਾਵਾ ਆਂਵਲੇ ਨੂੰ ਖਾਦਾਂ, ਪਾਣੀ ਆਦਿ ਦੀ ਕੋਈ ਖਾਸ ਜ਼ਰੂਰਤ ਨਹੀਂ ਹੁੰਦੀ ਅਤੇ ਇਸ ਉੱਪਰ ਕੋਈ ਕੀੜੇ ਜਾਂ ਬਿਮਾਰੀ ਦਾ ਹਮਲਾ ਵੀ ਖਾਸ ਨਹੀ ਹੁੰਦਾ। ਬੂਟਿਆਂ ਤੇ ਫਲ ਵੀ ਭਰਪੂਰ ਲਗਦਾ ਹੈ। ਇਸਦੀ ਕਾਸ਼ਤ ਖੇਤਾਂ ਵਿਚ ਮੋਟਰਾਂ ਕੋਲ, ਖਾਲੀ ਪਈਆਂ ਸ਼ਾਮਲਾਟ ਜ਼ਮੀਨਾਂ, ਕਲਰਾਠੀਆਂ ਜ਼ਮੀਨਾਂ ਅਤੇ ਅਜਿਹੀਆਂ ਜ਼ਮੀਨਾਂ ਜਿਨ੍ਹਾਂ ਵਿਚ ਸੋਡੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਬਾਕੀ ਫਸਲਾਂ ਦੀ ਖੇਤੀ ਸੰਭਵ ਨਹੀਂ ਹੈ, ਉਥੇ ਸਫ਼ਲਤਾਪੂਰਵਕ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਰੇਤਲੀਆਂ ਤੇ ਪਥਰੀਲ਼ੀਆਂ ਜ਼ਮੀਨਾਂ ਵਿਚ ਵੀ ਇਹ ਰੁੱਖ ਵਧਣ-ਫੁੱਲਣ ਦੀ ਸਮਰੱਥਾ ਰੱਖਦਾ ਹੈ। ਕੰਢੀ ਦੇ ਉੱਬੜ-ਖਾਬੜ ਇਲਾਕਿਆਂ ਵਿਚ, ਜਿੱਥੇ ਅਣ-ਉਪਜਾਊ ਜ਼ਮੀਨਾਂ ਹਨ ਤੇ ਜੰਗਲੀ ਜਾਨਵਰਾਂ ਦੇ ਫਸਲ ਖਰਾਬ ਕਰਨ ਦਾ ਖਤਰਾ ਰਹਿੰਦਾ ਹੈ, ਉੱਥੇ ਆਂਵਲੇ ਦੀ ਖੇਤੀ ਕਾਮਯਾਬੀ ਨਾਲ ਹੋ ਸਕਦੀ ਹੈ ਕਿਉਂਕਿ ਜੰਗਲੀ ਜਾਨਵਰ ਵੀ ਇਸਨੂੰ ਨਹੀਂ ਖਾਂਦੇ। ਇਸਦੀ ਗੁਣਵੱਤਾ ਅਤੇ ਆਸਾਨ ਕਾਸ਼ਤਕਾਰੀ ਢੰਗਾਂ ਕਰਕੇ ਘਰੇਲੂ ਬਗੀਚੀ ਵਿਚ ਲਾਉਣ ਲਈ ਇਹ ਸਭ ਤੋਂ ਉਪਯੁਕਤ ਫਲ ਹੈ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਆਂਵਲੇ ਦੀਆਂ ਪ੍ਰਮੁੱਖ ਤਿੰਨ ਕਿਸਮਾਂ ਬਲਵੰਤ, ਨੀਲਮ ਤੇ ਕੰਚਨ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਇਹਨਾਂ ਕਿਸਮਾਂ ਦੇ ਪੂਰੀ ਤਰ੍ਹਾਂ ਵਿਕਸਿਤ ਰੁੱਖ ਤੋਂ ਤਕਰੀਬਨ 120 ਕਿਲੋ ਫਲ ਪ੍ਰਤੀ ਬੂਟਾ ਪ੍ਰਾਪਤ ਕੀਤਾ ਜਾ ਸਕਦਾ ਹੈ। ਬਲਵੰਤ ਅੱਧ ਨਵੰਬਰ ਵਿਚ, ਨੀਲਮ ਨਵੰਬਰ ਦੇ ਅੰਤ ਵਿਚ ਤੇ ਕੰਚਨ ਅੱਧ ਦਸੰਬਰ ਵਿਚ ਪੱਕਦੀ ਹੈ। ਇਸ ਤਰ੍ਹਾਂ ਇਹ ਫਲ ਨਵੰਬਰ ਤੋਂ ਦਸੰਬਰ ਮਹੀਨੇ ਤੱਕ ਉਪਲਬਧ ਰਹਿੰਦਾ ਹੈ। ਆਂਵਲੇ ਦੇ ਬੂਟੇ ਫਰਵਰੀ-ਮਾਰਚ ਜਾਂ ਅਗਸਤ-ਸਤੰਬਰ ਵਿੱਚ ਲਗਾਏ ਜਾਂਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਸੋਕੇ ਵਿੱਚ ਵੀ ਬੇਲ ਦੀਆਂ ਇਨ੍ਹਾਂ ਕਿਸਮਾਂ ਤੋਂ ਮੁਨਾਫ਼ਾ
ਵਪਾਰਕ ਪੱਧਰ ਤੇ ਬਾਗ ਲਗਾਉਣ ਲਈ ਕਤਾਰ ਤੋਂ ਕਤਾਰ ਅਤੇ ਬੂਟੇ ਤੋਂ ਬੂਟੇ ਦਾ ਫ਼ਾਸਲਾ 7.5 × 7.5 ਮੀਟਰ ਰੱਖਣਾ ਚਾਹੀਦਾ ਹੈ।ਇਸ ਦਾ ਚੰਗਾ ਝਾੜ ਲੈਣ ਲਈ ਘੱਟੋ-ਘੱਟ ਦੋ ਕਿਸਮਾਂ ਦੇ ਬੂਟੇ ਲਗਾਉਣੇ ਜ਼ਰੂਰੀ ਹਨ ਤਾਂ ਜੋ ਪਰਾਗਣ ਕਿਿਰਆ ਸਹੀ ਢੰਗ ਨਾਲ ਪੂਰੀ ਹੋ ਸਕੇ। ਲੰਮੇ ਸਮੇਂ ਤੱਕ ਫ਼ਲ ਦੀ ਉਪਲਬਧਤਾ ਯਕੀਨੀ ਬਨਾਉਣ ਲਈ ਵੱਖ-ਵੱਖ ਸਮੇਂ ਪੱਕਣ ਵਾਲੀਆਂ ਤਿੰਨੇ ਕਿਸਮਾਂ ਪੰਜਾਬ ਵਿਚ ਲਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।
ਆਂਵਲੇ ਦੇ ਉੱਚ ਪੌਸ਼ਟਿਕ ਗੁਣਾਂ ਦੇ ਕਾਰਨ, ਇਸ ਫ਼ਲ ਨੇ ਵਿਆਪਕ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਵੱਖ-ਵੱਖ ਗੁਣਵੱਤਾ ਵਾਲੇ ਉਤਪਾਦਾਂ ਵਿੱਚ ਪ੍ਰੋਸੈਸਿੰਗ ਕਰਨ ਦੀ ਵੱਡੀ ਸੰਭਾਵਨਾ ਨੂੰ ਦਰਸਾਉਂਦਾ ਹੈ, ਜਿਸਦੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਬਹੁਤ ਮੰਗ ਹੈ। ਆਂਵਲੇ ਦੇ ਫਲਾਂ ਨੂੰ ਗੁਣਵੱਤਾ ਵਾਲੇ ਉਤਪਾਦਾਂ ਵਿੱਚ ਪ੍ਰੋਸੈਸ ਕੀਤਾ ਜਾ ਸਕਦਾ ਹੈ ਜਿਵੇਂ ਕਿ ਮੁਰੱਬਾ, ਆਂਵਲਾ ਕੈਂਡੀ ਅਤੇ ਜੂਸ । ਆਂਵਲੇ ਨੂੰ ਪਾਊਡਰ, ਜੈਮ, ਅਚਾਰ, ਚਟਨੀ, ਪੀਣ ਵਾਲੇ ਪਦਾਰਥ ਅਤੇ ਮਿਸ਼ਰਤ ਫਲ ਆਧਾਰਿਤ ਉਤਪਾਦਾਂ ਦੇ ਵਿਕਾਸ ਲਈ ਵੀ ਪ੍ਰੋਸੈਸ ਕੀਤਾ ਜਾ ਸਕਦਾ ਹੈ। ਇਸ ਦੇ ਤਾਜ਼ੇ ਫ਼ਲ ੳਤੇ ਪਾਊਡਰ ਨੂੰ ਸਬਜੀਆਂ ਵਿੱਚ ਖਟਾਸ ਲਈ ਟਮਾਟਰ ਦੇ ਬਦਲ ਵਜੋਂ ਵੀ ਵਰਤਿਆ ਜਾ ਸਕਦਾ ਹੈ।
ਆਂਵਲੇ ਦਾ ਮੁਰੱਬਾ ਬਣਾਉਣ ਲਈ ਪੱਕੇ ਹੋਏ ਵੱਡੇ ਆਕਾਰ ਦੇ ਫਲਾਂ ਨੂੰ ਚਾਸ਼ਣੀ ਵਿੱਚ ਡੁਬੋ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਇਹ ਨਰਮ ਅਤੇ ਪਾਰਦਰਸ਼ੀ ਨਹੀਂ ਹੋ ਜਾਂਦੇ। ਆਂਵਲੇ ਦੇ ਫਲਾਂ ਨੂੰ 2-3 ਦਿਨਾਂ ਲਈ ਨਮਕੀਨ ਘੋਲ (2%) ਵਿੱਚ ਡੁਬੋਇਆ ਜਾਂਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਧੋ ਕੇ ਗੋਦ/ਵਿੰਨ੍ਹ ਬਲਾਚ ਕੀਤਾ ਜਾਂਦਾ ਹੈ। ਫਲਾਂ ਦੇ ਭਾਰ ਦੇ ਬਰਾਬਰ ਖੰਡ ਫਲਾਂ ਉੱਤੇ ਛਿੜਕ ਕੇ ਰਾਤ ਭਰ ਰੱਖੀ ਜਾਂਦੀ ਹੈ। ਅਗਲੇ ਦਿਨ ਚਾਸ਼ਣੀ ਨੂੰ ਹੋਰ ਖੰਡ ਪਾ ਕੇ ਚੰਗੀ ਤਰ੍ਹਾਂ ਤੇ 54-55 ਡਿਗਰੀ ਬ੍ਰਿਕਸ ਉਬਾਲਿਆ ਜਾਂਦਾ ਹੈ ਅਤੇ ਇਸ ਨੂੰ ਫਲਾਂ ਨਾਲ ਮਿਲਾ ਕੇ ਇਸ ਵਿਧੀ ਨੂੰ 3-4 ਵਾਰ ਦੁਹਰਾਇਆ ਜਾਂਦਾ ਹੈ।
ਅਗਲੇ ਦਿਨ ਫਲਾਂ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਖੰਡ ਮਿਲਾ ਕੇ ਚਾਸ਼ਣੀ ਨੂੰ 75 ਡਿਗਰੀ ਬ੍ਰਿਕਸ ਤੇ ਕੇਂਦਰਿਤ ਕੀਤਾ ਜਾਂਦਾ ਹੈ। ਆਂਵਲੇ ਨੂੰ ਕੁਝ ਦਿਨਾਂ ਲਈ ਚਾਸ਼ਣੀ ਵਿੱਚ ਖੜ੍ਹੇ ਰਹਿਣ ਦਿੱਤਾ ਜਾਂਦਾ ਹੈ ਜਦੋਂ ਤੱਕ ਕਿ ਚਾਸ਼ਣੀ ਦਾ ਗਾੜ੍ਹਾਪਣ ਲਗਭਗ 70 ਡਿਗਰੀ ਬ੍ਰਿਕਸ ਤੇ ਸਥਿਰ ਨਹੀਂ ਹੋ ਜਾਂਦਾ । ਮੁਰਬੇ ਨੂੰ ਸਾਫ, ਸੁੱਕੇ ਕੱਚ ਦੇ ਮਰਤਬਾਨ ਵਿੱਚ ਪੈਕ ਕੀਤਾ ਜਾਂਦਾ ਹੈ ਅਤੇ ਕਮਰੇ ਦੇ ਤਾਪਮਾਨ ‘ਤੇ ਸਟੋਰ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : Mentha Cultivation ਲਈ 4 ਵਧੀਆ ਕਿਸਮਾਂ, ਝਾੜ 100 ਤੋਂ 125 ਕੁਇੰਟਲ ਪ੍ਰਤੀ ਏਕੜ
ਇਸੇ ਤਰਾਂ ਆਂਵਲਾ ਕੈਂਡੀ ਬਨਾਉਣ ਲਈ ਪੱਕੇ ਫਲਾਂ ਨੂੰ 24 ਘੰਟਿਆਂ ਲਈ 2% ਨਮਕ ਦੇ ਘੋਲ ਵਿੱਚ ਡੁਬੋਇਆ ਜਾਂਦਾ ਹੈ ਅਤੇ ਫਿਰ ਚੰਗੀ ਤਰ੍ਹਾਂ ਧੋ ਕੇ 3-5 ਮਿੰਟਾਂ ਲਈ ਉਬਲਦੇ ਪਾਣੀ ਵਿੱਚ ਬਲਾਚ ਕੀਤਾ ਜਾਂਦਾ ਹੈ ਤਾਂਕਿ ਫਾੜੀਆਂ ਨੂੰ ਵੱਖ ਕੀਤਾ ਜਾ ਸਕੇ ਅਤੇ ਫਿਰ ਫਾੜੀਆਂ ਨੂੰ 24 ਘੰਟਿਆਂ ਲਈ 50 ਡਿਗਰੀ ਬ੍ਰਿਕਸ ਚਾਸ਼ਣੀ ਵਿੱਚ ਰੱਖ ਦਿੱਤਾ ਜਾਂਦਾ ਹੈ। ਅਗਲੇ ਦਿਨ ਫਾੜੀਆਂ ਨੂੰ 60 ਡਿਗਰੀ ਬ੍ਰਿਕਸ ਵਾਲੀ ਚਾਸ਼ਣੀ ਵਿੱਚ 24 ਘੰਟਿਆਂ ਲਈ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ 70 ਡਿਗਰੀ ਬ੍ਰਿਕਸ ਵਾਲੀ ਚਾਸ਼ਣੀ ਵਿੱਚ 72 ਘੰਟਿਆਂ ਲਈ ਰੱਖਿਆ ਜਾਂਦਾ ਹੈ। ਵਾਧੂ ਚਾਸ਼ਣੀ ਨੂੰ ਕੱਢਿਆ ਜਾਂਦਾ ਹੈ ਅਤੇ ਫਲਾਂ ਨੂੰ 15% ਨਮੀ ਦੀ ਮਾਤਰਾ ਤੱਕ ਸੁਕਾਇਆ ਜਾਂਦਾ ਹੈ ਅਤੇ ਅਤੇ ਪੈਕਿੰਗ ਤੋਂ ਪਹਿਲਾਂ ਪੀਸੀ ਖੰਡ ਜਾਂ ਨਮਕ ਮਸਾਲੇ ਦੇ ਮਿਸ਼ਰਣ ਨਾਲ ਲੇਪ ਕੀਤਾ ਜਾਂਦਾ ਹੈ।
ਆਂਵਲੇ ਦਾ ਜੂਸ ਕੱਢਣ ਲਈ ਫਲਾਂ ਤੋਂ ਬੀਜ ਹਟਾਉਣ ਲਈ ਜਾਂ ਤਾਂ ਬਲਾਚ ਕੀਤਾ ਜਾ ਸਕਦਾ ਹੈ ਜਾਂ ਕੱਟਿਆ ਜਾ ਸਕਦਾ ਹੈ। ਜੂਸ ਤਿਆਰ ਕਰਨ ਲਈ ਬਲਾਚ ਜਾ ਕੱਟੇ ਹੋਏ ਫਲਾਂ ਨੂੰ ਪੇਚ ਕਿਸਮ ਦੇ ਜੂਸ ਐਕਸਟਰੈਕਟਰ ਜਾਂ ਹਾਈਡ੍ਰੌਲਿਕ ਪ੍ਰੈਸ ਦੀ ਵਰਤੋਂ ਨਾਲ ਕੁਚਲ ਅਤੇ ਦਬਾ ਕੇ ਕੱਢਿਆ ਜਾਂਦਾ ਹੈ। ਜੂਸ ਨੂੰ ਮਲਮਲ ਦੇ ਕੱਪੜੇ ਰਾਹੀਂ ਫਿਲਟਰ ਕੀਤਾ ਜਾਂਦਾ ਹੈ, ਪਾਸਚੁਰਾਈਜ਼ਡ ਕਰਕੇ ਅਤੇ ਕੱਚ ਦੀਆਂ ਬੋਤਲਾਂ ਵਿੱਚ ਗਰਮ ਭਰਿਆ ਜਾਂਦਾ ਹੈ, 30 ਮਿੰਟਾਂ ਲਈ ਉਬਲਦੇ ਪਾਣੀ ਵਿੱਚ ਕੋਰਕ ਅਤੇ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਤੁਰੰਤ ਕਮਰੇ ਦੇ ਤਾਪਮਾਨ 'ਤੇ ਠੰਡਾ ਕੀਤਾ ਜਾਂਦਾ ਹੈ।
ਜੂਸ ਕੱਢਣ ਤੋਂ ਬਾਅਦ ਬਚੇ ਗੁੱਦੇ ਦੀ ਰਹਿੰਦ-ਖੂੰਹਦ ਨੂੰ 50 ਡਿਗਰੀ ਸੈਲਸੀਅਸ ਤਾਪਮਾਨ ‘ਤੇ 6-8 ਘੰਟਿਆਂ ਲਈ ਡਰਾਇਰ ਵਿੱਚ ਸੁਕਾ ਲਿਆ ਜਾਂਦਾ ਹੈ ਅਤੇ ਮਿਕਸਰ ਵਿੱਚ ਪਿਸਣ ਤੋਂ ਬਾਅਦ ਆਂਵਲਾ ਪਾਊਡਰ ਪ੍ਰਾਪਤ ਕਰਨ ਲਈ ਪ੍ਰਭਾਵਸ਼ਾਲੀ ਢੰਗ ਨਾਲ ਵਰਤਿਆ ਜਾਂਦਾ ਹੈ।
ਰਚਨਾ ਅਰੋੜਾ ਅਤੇ ਅਰਸ਼ਦੀਪ ਸਿੰਘ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)
Summary in English: Cultivation and Processing of Amla