![ਕਿੰਨੂ ਦੇ ਪੌਦਿਆਂ ਦੇ ਸੁੱਕਣ ਦੇ ਕਾਰਨ ਤੇ ਬਚਾਉਣ ਦੇ ਤਰੀਕੇ ਕਿੰਨੂ ਦੇ ਪੌਦਿਆਂ ਦੇ ਸੁੱਕਣ ਦੇ ਕਾਰਨ ਤੇ ਬਚਾਉਣ ਦੇ ਤਰੀਕੇ](https://d2ldof4kvyiyer.cloudfront.net/media/11784/7oct5.jpg)
ਕਿੰਨੂ ਦੇ ਪੌਦਿਆਂ ਦੇ ਸੁੱਕਣ ਦੇ ਕਾਰਨ ਤੇ ਬਚਾਉਣ ਦੇ ਤਰੀਕੇ
ਪੰਜਾਬ `ਚ ਰਕਬੇ ਤੇ ਪੈਦਾਵਾਰ ਅਨੁਸਾਰ ਕਿੰਨੂ ਸਭ ਤੋਂ ਮੋਹਰੀ ਫਲ ਹੈ, ਪਰ ਇਸ ਦੀ ਚੰਗੀ ਪੈਦਾਵਾਰ ਲਈ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਦੱਖਣ ਪੱਛਮੀ ਜਿਲ੍ਹਿਆਂ ਤੇ ਨਾਲ ਲਗਦੇ ਰਾਜਸਥਾਨ ਤੇ ਹਰਿਆਣਾ ਦੇ ਇਲਾਕਿਆਂ `ਚ ਕਿੰਨੂ ਦੇ ਤੰਦਰੁਸਤ ਬੂਟਿਆਂ ਦੇ ਅਚਾਨਕ ਸੁੱਕ ਜਾਣ ਦੀ ਸਮੱਸਿਆ ਪੇਸ਼ ਆ ਰਹੀ ਹੈ।
ਮੁਢਲੀ ਖੋਜ ਤੋਂ ਪਤਾ ਲਗਾਇਆ ਗਿਆ ਹੈ ਕਿ ਇਸ ਸਮੱਸਿਆ ਦਾ ਮੁੱਖ ਕਾਰਨ ਪੌਦਿਆਂ ਦੀਆਂ ਜੜ੍ਹਾਂ ਤੇ ਛੱਤਰੀ ਦੇ ਅਨੁਪਾਤ `ਚ ਅਸੰਤੁਲਨ ਹੋਣਾ ਹੈ। ਇਸ ਸਮੱਸਿਆ ਦੇ ਸ਼ਿਕਾਰ ਹੋਣ ਵਾਲੇ ਬੂਟਿਆਂ ਦੀ ਅਗੇਤੀ ਪਛਾਣ ਕਰਕੇ ਤੁਰੰਤ ਉਪਰਾਲੇ ਸ਼ੁਰੂ ਕਰਨੇ ਬਹੁਤ ਜ਼ਰੂਰੀ ਹਨ। ਇਸ ਦੀ ਅਲਾਮਤ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪੌਦਿਆਂ ਦੇ ਅਚਾਨਕ ਸੁੱਕਣ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ ਤੇ ਅਜਿਹੇ ਪੌਦਿਆਂ ਨੂੰ ਬਚਾਉਣ ਲਈ ਉਪਰਾਲੇ ਕਰ ਰਹੀ ਹੈ।
ਬੂਟਿਆਂ ਦੇ ਸੁੱਕ ਜਾਣ ਦੇ ਸੰਭਾਵਿਤ ਕਾਰਨ:
● ਜੁਲਾਈ ਤੋਂ ਅਕਤੂਬਰ ਮਹੀਨਿਆਂ ਦੌਰਾਨ ਬਾਗਾਂ `ਚ ਲੋੜੋਂ ਜ਼ਿਆਦਾ ਨਮੀ ਨਾਲ ਬੂਟੇ ਪ੍ਰਭਾਵਿਤ ਹੋ ਸਕਦੇ ਹਨ।
● ਪਾਣੀ ਦੀ ਘਾਟ ਨਾਲ ਇਹ ਸਮੱਸਿਆ ਹੋਰ ਵਧ ਜਾਂਦੀ ਹੈ।
● ਪੌਦਿਆਂ ਦੀਆਂ ਜੜ੍ਹਾਂ ਤੇ ਛੱਤਰੀ ਦੇ ਅਨੁਪਾਤ `ਚ ਅਸੰਤੁਲਨ ਹੋਣ ਨਾਲ ਵੀ ਬੂਟਿਆਂ `ਤੇ ਅਸਰ ਪੈਂਦਾ ਹੈ।
● ਖਾਰੇ ਤੱਤਾਂ ਦੀ ਮਾਤਰਾ ਵਧੇਰੇ ਹੋਣ ਕਾਰਨ ਕਿੰਨੂ ਦੇ ਬੂਟਿਆਂ ਉਪਰ ਬਹੁਤ ਮਾੜਾ ਅਸਰ ਹੁੰਦਾ ਹੈ।
ਬੂਟਿਆਂ ਨੂੰ ਸੁਕਣ ਤੋਂ ਬਚਾਉਣ ਲਈ ਉਪਰਾਲੇ:
● ਕਿੰਨੂ ਦੇ ਬਾਗਾਂ ਦੀ ਜ਼ਮੀਨ ਵਿਚਲੇ ਖੁਰਾਕੀ ਤੱਤਾਂ ਦਾ ਸੰਤੁਲਣ ਬਣਾਈ ਰੱਖੋ।
● ਬਾਗਾਂ `ਚ ਖਾਰੇ ਤੱਤਾਂ ਦੇ ਮਾਰੂ ਅਸਰ ਘਟਾਉਣ ਲਈ ਭਰਪੂਰ ਮਾਤਰਾ `ਚ ਦੇਸੀ ਰੂੜੀ ਵਾਲੀ ਖ਼ਾਦ ਤੇ ਹੋਰਨਾਂ ਦੇਸੀ ਖਾਦਾਂ ਦੀ ਵਰਤੋਂ ਕਰੋ।
● ਬੂਟਿਆਂ ਨੂੰ ਦੇਸੀ ਖਾਦਾਂ ਜਾਂ ਰਸਾਇਣਕ ਖਾਦਾਂ ਪਉਣ ਤੋਂ ਪਹਿਲਾਂ ਆਪਣੇ ਬਾਗਾਂ ਦੀ ਮਿੱਟੀ ਦੀ ਪਰਖ ਕਰਵਾਓ।
● ਮਿੱਟੀ ਦੀ ਪਰਖ ਲਈ ਨਮੂਨਾਂ ਬੂਟਿਆਂ ਦੇ ਛਤਰੀ ਦੇ ਬਿਲਕੁਲ ਵਿਚਕਾਰੋਂ ਲਿਆ ਜਾਵੇ ਕਿਉਂਕਿ ਇਥੇ ਹੀ ਖੁਰਾਕ ਲੈਣ ਵਾਲੀਆਂ ਜੜ੍ਹਾਂ ਦੀ ਬਹੁਤਾਤ ਹੁੰਦੀ ਹੈ ਤੇ ਖਾਦਾਂ ਵੀ ਇਸ ਖੇਤਰ `ਚ ਇਕਸਾਰ ਪਾਈਆਂ ਜਾਂਦੀਆਂ ਹਨ।
● ਸੁਚੱਜਾ ਪਾਣੀ ਪ੍ਰਬੰਧ ਕਰੋ, ਜਮੀਨੀ ਪਾਣੀ ਦੀ ਵਰਤੋਂ ਤੋਂ ਬਿਲਕੁਲ ਪਰਹੇਜ ਕਰੋ।
ਇਹ ਵੀ ਪੜ੍ਹੋ : ਗੈਂਦੇ ਦੇ ਫੁੱਲਾਂ ਦੀ ਚੰਗੀ ਪੈਦਾਵਾਰ ਲਈ ਅਪਣਾਓ ਇਹ ਵਿਧੀ
ਪ੍ਰਭਾਵਿਤ ਬੂਟਿਆਂ ਦੀ ਅਗੇਤੀ ਪਛਾਣ ਤੇ ਲੱਛਣ
● ਪ੍ਰਭਾਵਿਤ ਬੂਟਿਆਂ ਉਪਰ ਬਹੁਤ ਜ਼ਿਆਦਾ ਫ਼ੁਲ-ਫ਼ਲਾਕਾ ਆਉਣਾ।
● ਬੂਟਿਆਂ ਦੇ ਪੱਤਿਆਂ ਦੀ ਚਮਕ ਘਟ ਜਾਣਾ ਜਾਂ ਚਮਕ ਦਾ ਖਤਮ ਹੋ ਜਾਣਾ।
● ਪ੍ਰਭਾਵਿਤ ਬੂਟਿਆਂ ਦੇ ਪੱਤਿਆਂ ਦਾ ਉੱਪਰ ਵੱਲ ਨੂੰ ਮੁੜ ਜਾਣਾ।
● ਬੂਟਿਆਂ ਦੇ ਪਤਿਆਂ ਦਾ ਕੁਮਲਾਉਣਾ ਸ਼ੁਰੂ ਹੋ ਜਾਣਾ ਤੇ ਹੌਲੀ-ਹੌਲੀ ਕਮਲਾਉਣ ਦੀ ਦਰ ਵਧ ਜਾਣਾ।
● ਅਜਿਹੇ ਬੂਟਿਆਂ ਦੇ ਫ਼ਲਾਂ ਦਾ ਅਕਾਰ ਛੋਟਾ ਰਹਿ ਜਾਣਾਂ ਤੇ ਫ਼ਲਾਂ ਦਾ ਪੋਲਾ ਪੈ ਜਾਣਾ।
● ਬੂਟਿਆਂ ਦੇ ਪੱਤਿਆਂ ਦਾ ਪੂਰੀ ਤਰਾਂ ਕੁਮਲਾਅ ਕੇ ਕੁਝ ਦਿਨਾ `ਚ ਬਿਲਕੁਲ ਸੁੱਕ ਜਾਣਾ।
ਪ੍ਰਭਾਵਿਤ ਬੂਟਿਆਂ ਦੇ ਬਚਾਅ ਲਈ ਉਪਰਾਲੇ:
● ਜੇਕਰ ਬੂਟਿਆਂ ਦੇ ਪੱਤਿਆਂ ਦੀ ਚਮਕ ਘਟ ਰਹੀ ਹੋਵੇ ਜਾਂ ਹਲਕੇ ਕੁਮਲਾਉਣ ਵਾਲੇ ਲੱਛਣ ਦਿਖਾਈ ਦੇਣ ਤਾਂ ਬੂਟਿਆਂ ਦੇ ਛਤਰੀ ਦੀ ਉਪਰੋਂ ਹਲਕੀ ਛੰਗਾਈ ਕਰ ਦਿਉ ਤੇ ਫ਼ਲਾਂ ਨੂੰ ਵੀ ਵਿਰਲਾ ਕਰ ਦਿਉ ।
● ਜ਼ਿਆਦਾ ਫ਼ਲ ਲੱਗੇ ਬੂਟਿਆਂ ਦੇ ਫ਼ਲ ਵਿਰਲੇ ਕਰ ਦਿਉ ਤੇ ਬੂਟਿਆਂ ਉਪਰੋਂ ਲੋਡ ਘਟਾ ਦਿਉ।
● ਜ਼ਿਆਦਾ ਕੁਮਲਾਅ ਰਹੇ ਬੂਟਿਆਂ ਨੂੰ ਉਹਨਾਂ ਦੇ ਕੁਮਲਾਉਣ ਦੀ ਦਰ ਦੇਖਦੇ ਹੋਏ ਉਹਨਾਂ ਦਾ 20-50 ਪ੍ਰਤੀਸ਼ਤ ਤੱਕ ਪਤਰਾਲ ਘਟਾ ਦਿਉ।
● ਬਾਗਾਂ ਦੀ ਵਹਾਈ ਘੱਟ ਤੋਂ ਘੱਟ ਕਰੋ ਤੇ ਕਦੇ ਵੀ ਬੂਟਿਆਂ ਦੀ ਛਤਰੀ ਹੇਠ ਡੂੰਘੀ ਵਹਾਈ ਨਾ ਕਰੋ। ਜ਼ਿਆਦਾ ਤੇ ਡੂੰਘੀ ਵਹਾਈ ਨਾਲ ਬੂਟਿਆਂ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚਦਾ ਹੈ ਤੇ ਬੂਟਿਆਂ ਦੀਆਂ ਜੜ੍ਹਾਂ ਤੇ ਛਤਰੀ ਦੇ ਅਨੁਪਾਤ ਦਾ ਸੰਤੁਲਣ ਵਿਗੜ ਜਾਂਦਾ ਹੈ।
Summary in English: Tips from PAU, know the causes of drying of kinnu plants and how to save them