1. Home
  2. ਖੇਤੀ ਬਾੜੀ

Expert Advice: ਸਰਦੀਆਂ ਦੀ ਨਰੋਈ ਸਬਜ਼ੀ ਗਾਜਰ ਸਬੰਧੀ ਨਵੇਂ ਕਿਸਾਨ ਵੀਰਾਂ ਨੂੰ ਸਲਾਹ, ਅੰਨ੍ਹੇਵਾਹ ਜ਼ਿਆਦਾ ਰਕਬੇ 'ਚ ਗਾਜਰਾਂ ਦੀ ਕਾਸ਼ਤ ਨਾ ਕਰੋ: Rajvir Thind

ਐਗਰੀਕਲਚਰ ਮਾਹਿਰ ਰਾਜਵੀਰ ਥਿੰਦ ਵੱਲੋਂ ਸਰਦੀਆਂ ਦੀ ਨਰੋਈ ਸਬਜ਼ੀ ਗਾਜਰ ਬਾਰੇ ਵਧੀਆ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਾਜਵੀਰ ਥਿੰਦ ਵੱਲੋਂ ਨਵੇਂ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕਿਸੇ ਰਿਸ਼ਤੇਦਾਰ ਜਾਂ ਮੀਡੀਆ ਦੀ ਵਧਾ ਚੜ੍ਹਾ ਕੇ ਕਮਾਈ ਦੱਸਣ ਵਾਲੀ ਵੀਡੀਓ ਦੀ ਦੇਖ ਕੇ ਅੰਨ੍ਹੇਵਾਹ ਜ਼ਿਆਦਾ ਰਕਬੇ 'ਚ ਗਾਜਰ ਨਾ ਬੀਜੀਉ।

Gurpreet Kaur Virk
Gurpreet Kaur Virk
ਗਾਜਰ ਦੀ ਖੇਤੀ ਥੋੜ੍ਹੇ ਸਮੇਂ ਵਿੱਚ ਚੰਗੀ ਆਮਦਨ ਦਾ ਸਾਧਨ

ਗਾਜਰ ਦੀ ਖੇਤੀ ਥੋੜ੍ਹੇ ਸਮੇਂ ਵਿੱਚ ਚੰਗੀ ਆਮਦਨ ਦਾ ਸਾਧਨ

Carrot Farming: ਸਰਦੀਆਂ ਵਿੱਚ ਗਾਜਰਾਂ ਦਾ ਸੇਵਨ ਵੱਡੇ ਪੱਧਰ 'ਤੇ ਕੀਤਾ ਜਾਂਦਾ ਹੈ, ਕਿਉਂਕਿ ਇਹ ਇਮਿਊਨਿਟੀ ਨਾਲ ਭਰਪੂਰ ਹੁੰਦੀ ਹੈ। ਗਾਜਰਾਂ ਨੂੰ ਕੱਚਾ ਅਤੇ ਸਬਜ਼ੀ ਦੋਵੇਂ ਤਰ੍ਹਾਂ ਨਾਲ ਭੋਜਨ ਵਿੱਚ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਗਾਜਰ ਨੂੰ ਸਲਾਦ, ਮੁਰੱਬਾ, ਅਚਾਰ, ਗਜਰੇਲਾ ਮਠਿਆਈ, ਵਾਈਨ, ਜੂਸ ਆਦਿ 'ਚ ਵੀ ਵਰਤਿਆ ਜਾਂਦਾ ਹੈ।

ਵਿਟਾਮਿਨ ਏ ਨਾਲ ਭਰਪੂਰ ਗਾਜਰ ਅੱਖਾਂ ਅਤੇ ਮਾਨਸਿਕ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਇਸ ਵਿੱਚ ਪਾਇਆ ਜਾਣ ਵਾਲਾ ਕੈਰੋਟੀਨ ਵਾਲਾਂ ਲਈ ਬਹੁਤ ਵਧੀਆ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ। ਗਾਜਰ ਮੋਟਾਪਾ ਘਟਾਉਣ ਲਈ ਵੀ ਫਾਇਦੇਮੰਦ ਹੈ।

ਦੇਸ਼ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਕਰਨਾਟਕ, ਮਹਾਰਾਸ਼ਟਰ ਅਤੇ ਬਿਹਾਰ ਵਿੱਚ ਗਾਜਰ ਦੀ ਖੇਤੀ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। 15 ਤੋਂ 30 ਡਿਗਰੀ ਸੈਲਸੀਅਸ ਤਾਪਮਾਨ ਇਸ ਦੀ ਕਾਸ਼ਤ ਲਈ ਲਾਹੇਵੰਦ ਹੈ। 15 ਡਿਗਰੀ ਤੋਂ ਘੱਟ ਤਾਪਮਾਨ 'ਤੇ ਗਾਜਰ ਦਾ ਰੰਗ ਹਲਕਾ ਹੋਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ, ਇਸਦੀ ਕਾਸ਼ਤ ਸਿਰਫ ਉਨ੍ਹਾਂ ਖੇਤਰਾਂ ਵਿੱਚ ਸਫਲ ਹੁੰਦੀ ਹੈ, ਜਿੱਥੇ ਤਾਪਮਾਨ 15 ਡਿਗਰੀ ਤੋਂ ਉੱਪਰ ਹੁੰਦਾ ਹੈ।

ਜ਼ਮੀਨ

ਗਾਜ਼ਰ ਦੀ ਵਧੀਆ ਫਸਲ ਲਈ ਥੋੜੀ ਰੇਤਲੀ, ਪੋਲੀ ਤੇ ਚੀਕਣੀ ਮਿੱਟੀ ਦੀ ਲੋੜ ਹੁੰਦੀ ਹੈ। ਜ਼ਿਆਦਾ ਭਾਰੀ ਤੇ ਕੱਲਰ ਵਾਲੀ ਮਿੱਟੀ ਗਾਜਰ ਦੀ ਫਸਲ ਲਈ ਵਧੀਆਂ ਨਹੀਂ ਮੰਨੀ ਜਾਂਦੀ। ਚੰਗੇ ਝਾੜ ਲਈ ਖੇਤ ਦੀ ਮਿੱਟੀ ਦਾ pH 5.5 ਤੋਂ 7 ਹੋਣੀ ਚਾਹੀਦਾ ਹੈ। ਬਹੁਤ ਚਿਕੜ ਮਿੱਟੀ, ਕੱਲਰ ਖੇਤ 'ਚ ਇਸਦੀ ਬੀਜਾਈ ਨਾ ਕਰੋ।

ਸਮਾਂ

ਗਾਜਰ ਦੀ ਬੀਜਾਈ ਲਈ ਸਭ ਤੋਂ ਢੁਕਵਾਂ ਸਮਾਂ ਸਤੰਬਰ ਤੋਂ ਅਕਤੂਬਰ ਦਾ ਮੱਧ ਹੈ। ਲੇਟ ਬੀਜਾਈ 'ਚ ਗਾਜਰ ਬਣਨ 'ਚ ਮੁਸ਼ਕਿਲ ਆਉਂਦੀ ਹੈ। ਫਸਲ 'ਚ ਨਿਸਾਰਾ ਜਲਦੀ ਹੋ ਜਾਂਦਾ ਹੈ।

ਮੁੱਖ ਕਿਸਮਾਂ

ਦੇਸੀ ਕਿਸਮਾਂ 'ਚ ਹੁਸ਼ਿਆਰਪੁਰੀ ਕਿਸਮ 90-100 'ਚ ਤਿਆਰ ਹੁੰਦੀ ਹੈ ਤੇ ਸੁਲਤਾਨਪੁਰੀ ਕਿਸਮ ਘਰੇਲੂ ਬੀਜ ਤਿਆਰ ਕਰਕੇ ਬੀਜਦੇ ਹਨ। ਇਸੇ ਤਰ੍ਹਾਂ ਕੁਝ ਕੰਪਨੀਆਂ ਜਿਵੇਂ ਉਜਵਲ, ਮਹਾਂਸ਼ਕਤੀ ਅਤੇ ਐਗਰੋ ਆਦਿ ਉ ਪੀ ਵਰਾਇਟੀਆਂ ਦਾ ਬੀਜ ਸਸਤੀ ਕੀਮਤ ਤੇ ਵੇਚਦੀਆਂ ਹਨ। ਇਹ 1 ਅਕਤੂਬਰ ਤੋਂ ਬਾਅਦ ਬੀਜਾਈ ਲਈ 2 ਕਿਲੋ ਪ੍ਰਤੀ ਏਕੜ ਵਰਤੋ, ਸਤੰਬਰ ਅੱਧ ਚ ਅਗੇਤੀ ਲਾਉਂਣ ਲਈ 3-4 ਕਿਲੋ ਲੱਗੇਗੀ। ਇਹਦੀ ਤਿਆਰੀ 105-125 ਦਿਨਾਂ 'ਚ ਤਿਆਰ ਹੁੰਦੀਆਂ ਹਨ। ਹਾਈਬ੍ਰਿਡ ਕਿਸਮਾਂ ਜਿਵੇਂ ਸੋਮਾਨੀ ਸੀਡ ਦੀ ਗਾਜਰ, ਅਡਵਾਂਟਾ ਦੀ ਕੰਟਰੀ ਰੈਡ ਅਤੇ ਪਹੂਜਾ ਕੰਪਨੀ ਦੀ ਰਣਜੀਤ ਵਰਾਇਟੀ ਦੀ ਬੀਜਾਈ ਅਕਤੂਬਰ ਅੱਧ ਤੋਂ ਨਵੰਬਰ ਅੱਧ ਤੱਕ ਚੱਲਦੀ ਹੈ। ਇਹਨਾਂ ਦਾ ਬੀਜ ਤਕਰੀਬਨ 8500 ਰੁਪਏ ਕਿਲੋ ਤੋਂ ਉਪਰ ਮਿਲਦਾ ਹੈ। ਇਸਦੀ ਮਾਤਰਾ 700-800 ਗ੍ਰਾਮ ਏਕੜ ਵਰਤੋ।

ਇਹ ਵੀ ਪੜ੍ਹੋ: Straw Management: ਕਿਸਾਨ ਵੀਰੋਂ ਪਰਾਲੀ ਅਤੇ ਤੂੜੀ ਦੀ ਸੁਚੱਜੀ ਵਰਤੋਂ ਕਰਕੇ ਕਰੋ ਢਿੰਗਰੀ ਅਤੇ ਸ਼ਿਟਾਕੀ ਖੁੰਬ ਦੀ ਸਫਲ ਕਾਸ਼ਤ, ਹੋਵੇਗੀ ਲੱਖਾਂ ਵਿੱਚ ਕਮਾਈ

ਖਾਦ ਦੀ ਮਾਤਰਾ

ਯੂਨੀਵਰਸਿਟੀ ਵੱਲੋਂ ਸਿਫਾਰਸ਼ ਅਨੁਸਾਰ DAP ਖਾਦ ਦੀ ਮਾਤਰਾ 1 ਬੋਰੀ ਜਾਂ 3 ਬੋਰੀਆਂ ਸੁਪਰ ਖਾਦ, ਯੂਰੀਆ 50 ਕਿਲੋ ਅਤੇ ਪੋਟਾਸ਼ 30 ਕਿਲੋ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਰ ਗਾਜਰ ਦੇ ਇਲਾਕੇ ਸੁਲਤਾਨਪੁਰ ਲੋਧੀ ਕਪੂਰਥਲਾ, ਮੱਖੂ, ਅੰਮ੍ਰਿਤਸਰ, ਤਰਨਤਾਰਨ ਦੇ ਕਿਸਾਨਾਂ ਦੀ ਆਪਣੀ ਪਰੈਕਟਿਸ ਅਨੁਸਾਰ ਡੀ ਏ ਪੀ 100-150 ਕਿਲੋ ਮਤਲਬ 2 ਤੋਂ 3 ਬੋਰੀਆਂ, ਪੋਟਾਸ਼ ਅੱਧੀ ਤੋਂ ਇਕ ਬੋਰੀ, ਯੂਰੀਆ 25-50 ਕਿਲੋ ਹੈ। ਸਾਡੇ ਆਪਣੇ ਕਿਸਾਨ ਜੋ ਟਾਪ ਦੀ ਵਰਾਇਟੀ ਤੇ ਝਾੜ ਲੈਂਦੇ ਹਨ ਉਹ DAP ਖਾਦ 2 ਬੋਰੀ, ਪੋਟਾਸ਼ 30 ਜੇਕਰ DAP ਨਾਂ ਮਿਲੇ ਤਾਂ 12-32-16 2.5 ਬੋਰੀਆਂ ਵਰਤ ਸਕਦੇ ਹੋ। ਇਸ ਨਾਲ ਪੋਟਾਸ਼ ਦੀ ਲੋੜ ਨਹੀਂ। ਖੇਤ ਦੇ ਪੀ ਐਚ ਠੀਕ ਰੱਖਣ ਫਾਸਫੋਰਸ ਦੀ ਕਿਰਿਆਸ਼ੀਲਤਾ ਵਧਾਉਣ ਲਈ ਫੋਸਟਰ 8 ਕਿਲੋ ਬੀਜਾਈ ਸਮੇਂ ਪਾਉਂਦੇ ਹਨ। ਜ਼ਿਆਦਾ ਕਮਜ਼ੋਰ ਖੇਤਾਂ 'ਚ ਪੌਲੀਸਲਫੇਟ 25 ਕਿਲੋ ਦੀ ਵੀ ਵਰਤੋਂ ਕਰ ਸਕਦੇ ਹੋ। ਯੂਰੀਆ 25-25 ਕਿਲੋ 2 ਵਾਰ ਲੋੜ ਪੈਣ ਤੇ ਹੀ ਦਿੰਦੇ ਹਨ। ਫਾਲਤੂ ਨਾਈਟ੍ਰੋਜਨ ਦੇਣ ਨਾਲ ਇਸ ਫਸਲ ਵਿੱਚ ਫੰਗਸ ਰੋਗ ਬਹੁਤ ਜਿਆਦਾ ਆਉਂਦੇ ਹਨ।

ਨਦੀਨ ਦੀ ਰੋਕਥਾਮ

ਕਿਸੇ ਯੂਨੀਵਰਸਿਟੀ ਵੱਲੋਂ ਗਾਜਰ ਦੀ ਫਸਲ 'ਤੇ ਨਦੀਨਨਾਸ਼ਕ ਦੀ ਸਿਫਾਰਸ਼ ਨਹੀਂ, ਪਰ ਕਿਸਾਨ ਵੀਰ ਪੈਂਡੀਮੈਥਾਲਿਨ ਸਟੌਪ 1 ਲੀਟਰ ਅਤੇ ਔਕਸੀਫਲੋਰਾਫਿਨ ਗੋਲ ਦਵਾਈ 50ml ਪ੍ਰਤੀ ਏਕੜ ਨੂੰ 150 ਲੀਟਰ ਪਾਣੀ 'ਚ ਬੀਜਾਈ ਕਰਕੇ ਪਾਣੀ ਲਾਉਣ ਤੋਂ 24-48 ਘੰਟਿਆਂ 'ਚ ਸ਼ਾਮ ਵੇਲੇ ਵਰਤਣ 'ਤੇ ਬੇਹਤਰੀਨ ਨਤੀਜੇ ਮਿਲਦੇ ਹਨ।

ਬੀਮਾਰੀਆਂ

ਧਰਤੀ ਦੇ ਅੰਦਰ ਬਣਨ ਵਾਲੇ ਫਲ ਕਾਰਨ ਨਮੀਂ ਦੀ ਬਹੁਤਾਤ ਕਾਰਨ ਗਾਜਰ ਦੀ ਫਸਲ ਨੂੰ ਨੀਮਾਟੋਡ, ਰੂਟ ਰਾਟ, ਸਟੈਮ ਰਾਟ, ਸਕੈਬ, ਬਲੈਕ ਹੈਡ ਰਾਟ, ਬੈਕਟੀਰੀਅਲ ਬਲਾਈਟ ਫੁਜੇਰੀਅਮ ਸਮੇਤ ਕਈ ਬੀਮਾਰੀਆਂ ਅਟੈਕ ਕਰਦੀਆਂ ਹਨ। ਵੈਸੇ ਇਨ੍ਹਾਂ 'ਤੇ ਵਿਸ਼ੇਸ਼ ਨੋਟ ਮਿਲੇਗਾ, ਪਰ ਇਸ ਤੋਂ ਬਚਾਅ ਲਈ ਬੀਜਾਈ ਸਮੇਂ ਟਰਾਈਕੋਡਰਮਾ ਵਿਰਡੀ ਸੰਜੀਵਨੀ 2 ਕਿਲੋ ਜਾਂ ਐਗਨੌਰ 2 ਕਿਲੋ ਅਤੇ ਨਮੈਟੋਫਰੀ 2 ਕਿਲੋ ਦਾ ਆਖਰੀ ਵਹਾਈ ਸਮੇਂ ਛੱਟਾ ਜ਼ਰੂਰ ਦਿਉ। ਇਸ ਨਾਲ ਉਗਾਈ ਵੀ ਵਧੀਆ ਹੋਵੇਗੀ, ਬੀਮਾਰੀਆਂ ਤੋਂ ਬਹੁਤ ਵੱਧ ਸੁਰੱਖਿਆ ਮਿਲੇਗੀ।

ਸਿੰਚਾਈ

ਗਾਜਰ ਦੀ ਫਸਲ ਨੂੰ ਉਗਾਈ ਲਈ 1 ਜਾਂ 2 ਪਾਣੀ ਲਗਦੇ ਹਨ। ਕੁਝ ਜ਼ਮੀਨਾਂ 'ਚ ਉਗਾਈ ਮੌਸਮ ਅਨੁਸਾਰ ਇਕ ਪਾਣੀ ਨਾਲ ਹੋ ਜਾਂਦੀ, ਜਦੋਂਕਿ ਕੁਝ 'ਚ 2 ਵੀ ਲਗਦੇ ਹਨ। ਇਸ ਲਈ ਉਗਾਈ ਹੋਣ ਤੱਕ ਨਮੀਂ ਦਾ ਧਿਆਨ ਜ਼ਰੂਰ ਰੱਖੋ। ਬਾਅਦ 'ਚ ਇਕ ਜਾਂ ਦੋ ਪਾਣੀ ਮੌਸਮ ਅਨੁਸਾਰ ਦਿੱਤੇ ਜਾਂਦੇ ਹਨ, ਕਿਉਂਕਿ ਜੇਕਰ ਇਸ ਨੂੰ ਫਾਲਤੂ ਪਾਣੀ ਲੱਗ ਜਾਣ ਤਾਂ ਗਾਜਰ ਦੇ ਫਲ 'ਤੇ ਛੋਟੀਆਂ ਬਾਰੀਕ ਜੜਾਂ ਜਿਆਦਾ ਬਣਦੀਆਂ ਹਨ ਰੰਗ ਅਤੇ ਕੁਆਲਿਟੀ ਬੇਕਾਰ ਹੋ ਜਾਂਦੀ ਹੈ।

ਨਵੇਂ ਕਿਸਾਨ ਵੀਰਾਂ ਨੂੰ ਸਲਾਹ

ਜਿੰਨਾ ਪਹਿਲੀ ਵਾਰ ਬੀਜਾਈ ਕਰਨੀ, ਉਹ ਕਿਸਾਨ ਕਿਸੇ ਰਿਸ਼ਤੇਦਾਰ ਜਾਂ ਮੀਡੀਆ ਦੀ ਵਧਾ ਚੜ੍ਹਾ ਕੇ ਕਮਾਈ ਦੱਸਣ ਵਾਲੀ ਵੀਡੀਓ ਦੀ ਦੇਖ ਕੇ ਅੰਨ੍ਹੇਵਾਹ ਜ਼ਿਆਦਾ ਰਕਬੇ 'ਚ ਗਾਜਰ ਨਾਂ ਬੀਜੀਉ। ਇਕ 2 ਏਕੜ ਤੋਂ ਵੱਧ ਰਕਬਾ ਨਹੀਂ ਬੀਜਣਾ।

ਸਾਵਧਾਨੀ ਵਰਤੋਂ

ਐਗਰੀਕਲਚਰ ਮਾਹਿਰ ਰਾਜਵੀਰ ਥਿੰਦ ਕਿਸਾਨ ਵੀਰਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਰਾਜਵੀਰ ਥਿੰਦ ਦਾ ਕਹਿਣਾ ਹੈ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਲੇਬਰ ਦਾ ਪ੍ਰਬੰਧ ਨਹੀਂ ਹੈ ਤਾਂ ਉੱਡਦੇ ਤੀਰ ਨੂੰ ਨਾ ਫੜੋ ਅਤੇ ਚੁੱਪਚਾਪ ਕਣਕ ਦੀ ਬਿਜਾਈ ਕਰੋ।

Summary in English: Expert Advice: Advice to new farmers about carrots, agriculture expert Rajvir Thind shares good information

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters