![ਕੀੜੇ ਮਕੌੜੇ ਤੇ ਬਿਮਾਰੀਆਂ ਤੋਂ ਰੋਕਥਾਮ ਕੀੜੇ ਮਕੌੜੇ ਤੇ ਬਿਮਾਰੀਆਂ ਤੋਂ ਰੋਕਥਾਮ](https://d2ldof4kvyiyer.cloudfront.net/media/11724/4oct8.jpeg)
ਕੀੜੇ ਮਕੌੜੇ ਤੇ ਬਿਮਾਰੀਆਂ ਤੋਂ ਰੋਕਥਾਮ
ਟਮਾਟਰ ਮੁੱਖ ਤੌਰ ਤੇ ਗਰਮੀ ਰੁੱਤ ਦੀ ਫ਼ਸਲ ਹੈ। ਟਮਾਟਰ ਦੀ ਬਿਜਾਈ ਸਤੰਬਰ ਤੋਂ ਅਕਤੂਬਰ ਤੱਕ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਸਦੀ ਫਸਲ ਦੋ ਮਹੀਨਿਆਂ ਬਾਅਦ ਯਾਨੀ ਦਸੰਬਰ ਤੋਂ ਜਨਵਰੀ ਤੱਕ ਤਿਆਰ ਹੋ ਜਾਂਦੀ ਹੈ। ਬਜ਼ਾਰ `ਚ ਟਮਾਟਰ ਦੀ ਮੰਗ ਸਾਰਾ ਸਾਲ ਇੱਕੋ ਜਿਹੀ ਰਹਿੰਦੀ ਹੈ। ਅਜਿਹੇ 'ਚ ਜੇਕਰ ਕਿਸਾਨ ਇਸ ਦੀ ਵੱਡੇ ਪੱਧਰ 'ਤੇ ਖੇਤੀ ਕਰਨ ਤਾਂ ਉਹ ਲੱਖਾਂ ਰੁਪਏ ਤੱਕ ਕਮਾ ਸਕਦੇ ਹਨ।
ਟਮਾਟਰ ਭਾਰਤ ਦੀ ਇੱਕ ਮਹੱਤਵਪੂਰਨ ਵਪਾਰਕ ਫਸਲ ਹੈ। ਇਹ ਦੁਨੀਆ ਭਰ `ਚ ਆਲੂ ਤੋਂ ਬਾਅਦ ਦੂਜੇ ਨੰਬਰ `ਤੇ ਸਭ ਤੋਂ ਮਹੱਤਵਪੂਰਨ ਫ਼ਸਲ ਵਜੋਂ ਜਾਣੀ ਜਾਂਦੀ ਹੈ। ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਟਮਾਟਰ ਦੇ ਪੌਦੇ ਦੀ ਸਹੀ ਦੇਖਭਾਲ ਦੇ ਤਰੀਕੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਪਣੇ ਟਮਾਟਰ ਦੇ ਪੌਦਿਆਂ ਦੀ ਕੀੜੇ ਮਕੌੜੇ ਤੇ ਬਿਮਾਰੀਆਂ ਤੋਂ ਰਾਖੀ ਕਰ ਪਾਓਗੇ।
ਕੀੜੇ ਮਕੌੜੇ ਤੇ ਰੋਕਥਾਮ:
1. ਪੱਤੇ ਦਾ ਸੁਰੰਗੀ ਕੀੜਾ:
ਇਹ ਕੀੜੇ ਪੱਤਿਆਂ ਨੂੰ ਖਾਂਦੇ ਹਨ ਤੇ ਪੱਤੇ `ਚ ਟੇਢੀਆਂ-ਮੇਢੀਆਂ ਸੁਰੰਗਾਂ ਬਣਾ ਦਿੰਦੇ ਹਨ। ਇਸ ਤੋਂ ਪੌਦੇ ਨੂੰ ਬਚਾਉਣ ਲਈ ਸ਼ੁਰੂਆਤੀ ਸਮੇਂ `ਚ ਨੀਮ ਸੀਡ ਕਰਨਲ ਐਕਸਟ੍ਰੈਕਟ 5 ਫ਼ੀਸਦੀ ਨੂੰ 50 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਮਿਲਾ ਕੇ ਸਪਰੇਅ ਕਰੋ। ਇਸ ਕੀੜੇ ਤੇ ਕਾਬੂ ਪਾਉਣ ਲਈ ਡਾਈਮੈਥੋਏਟ 30 ਈ.ਸੀ 250 ਮਿ.ਲੀ ਜਾਂ ਸਪਾਈਨੋਸੈੱਡ 80 ਮਿ.ਲੀ `ਚ 200 ਲੀਟਰ ਪਾਣੀ ਦੀ ਸਪਰੇਅ ਕਰੋ।
2. ਥਰਿਪ:
ਇਹ ਟਮਾਟਰਾਂ `ਚ ਆਮ ਪਾਏ ਜਾਣ ਵਾਲਾ ਕੀੜਾ ਹੈ। ਇਹ ਪੱਤਿਆਂ ਦਾ ਰਸ ਚੂਸਦਾ ਹੈ, ਜਿਸ ਕਾਰਨ ਪੱਤੇ ਮੁੜ ਜਾਂਦੇ ਹਨ ਤੇ ਫੁੱਲ ਝੜਨੇ ਸ਼ੁਰੂ ਹੋ ਜਾਂਦੇ ਹਨ। ਇਨ੍ਹਾਂ ਨੂੰ ਰੋਕਣ ਲਈ ਵਰਟੀਸੀਲੀਅਮ ਲਿਕਾਨੀ 5 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਜੇਕਰ ਥਰਿਪ ਦੀ ਮਾਤਰਾ ਜ਼ਿਆਦਾ ਹੋਵੇ ਤਾਂ ਇਮੀਡਾਕਲੋਪ੍ਰਿਡ 17.8SL @60 ਮਿ.ਲੀ. ਜਾਂ ਫਿਪਰੋਨਿਲ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ `ਚ ਮਿਲਾ ਕੇ ਸਪਰੇਅ ਕਰੋ।
3. ਮਕੌੜਾ ਜੂੰ:
ਇਹ ਬਹੁਤ ਹੀ ਖਤਰਨਾਕ ਕੀੜਾ ਹੈ ਤੇ 80 ਫ਼ੀਸਦੀ ਤੱਕ ਝਾੜ ਘਟਾ ਦਿੰਦਾ ਹੈ। ਇਹ ਪੱਤਿਆਂ ਨੂੰ ਹੇਠਲੇ ਪਾਸੇ ਤੋਂ ਖਾਂਦਾ ਹੈ। ਇਸਦਾ ਹਮਲਾ ਵਧਣ ਨਾਲ ਪੱਤੇ ਸੁੱਕਣ ਤੇ ਝੜਨ ਲੱਗ ਜਾਂਦੇ ਹਨ। ਜੇਕਰ ਖੇਤ `ਚ ਪੀਲੀ ਜੂੰ ਤੇ ਥ੍ਰਿਪ ਦਾ ਹਮਲਾ ਦੇਖਿਆ ਜਾਵੇ ਤਾਂ ਕਲੋਰਫੈਨਾਪਿਅਰ 15 ਮਿ.ਲੀ/10 ਲੀਟਰ, ਐਬਾਮੈਕਟਿਨ 15 ਮਿ.ਲੀ ਪ੍ਰਤੀ 10 ਲੀਟਰ ਜਾਂ ਫੈਨਾਜ਼ਾਕੁਇਨ 100 ਮਿ.ਲੀ ਪ੍ਰਤੀ 100 ਲੀਟਰ ਅਸਰਦਾਰ ਸਿੱਧ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨ ਭਰਾਵਾਂ ਨੂੰ ਸੁਨੇਹਾ, ਆਪਣੀ ਫ਼ਸਲ ਨੂੰ ਇਨ੍ਹਾਂ ਰਸਾਇਣਾਂ ਤੋਂ ਬਚਾਓ
ਬਿਮਾਰੀਆਂ ਤੇ ਉਹਨਾਂ ਦੀ ਰੋਕਥਾਮ:
1. ਫਲ ਦਾ ਗਲਣਾ:
ਇਹ ਟਮਾਟਰ ਦੀ ਪ੍ਰਮੁੱਖ ਬਿਮਾਰੀ ਹੈ ਤੇ ਇਹ ਮੌਸਮ ਦੀ ਤਬਦੀਲੀ ਕਾਰਨ ਹੁੰਦੀ ਹੈ। ਇਸ `ਚ ਟਮਾਟਰਾਂ `ਤੇ ਪਾਣੀ ਦੇ ਫੈਲਾਅ ਵਰਗੇ ਧੱਬੇ ਬਣ ਜਾਂਦੇ ਹਨ ਤੇ ਬਾਅਦ `ਚ ਇਹ ਕਾਲੇ ਤੇ ਭੂਰੇ ਰੰਗ `ਚ ਬਦਲ ਜਾਂਦੇ ਹਨ। ਇਸ ਤੋਂ ਬਚਾਅ ਲਈ ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਟ੍ਰਾਈਕੋਡਰਮਾ 5-10 ਗ੍ਰਾਮ ਜਾਂ ਕਾਰਬਨਡੈਜ਼ਿਮ 2 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਜੇਕਰ ਖੇਤ `ਚ ਇਸਦਾ ਹਮਲਾ ਦਿਖੇ ਤਾਂ ਨੁਕਸਾਨੇ ਤੇ ਹੇਠਾਂ ਡਿੱਗੇ ਫਲ ਤੇ ਪੱਤੇ ਇਕੱਠੇ ਕਰਕੇ ਨਸ਼ਟ ਕਰ ਦਿਓ। ਇਸਨੂੰ ਰੋਕਣ ਲਈ ਮੈਨਕੋਜ਼ੇਬ 400 ਗ੍ਰਾਮ ਜਾਂ ਕੋਪਰ ਓਕਸੀਕਲੋਰਾਈਡ 300 ਗ੍ਰਾਮ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ।
2. ਝੁਲਸ ਰੋਗ:
ਇਹ ਸ਼ੁਰੂ `ਚ ਪੱਤਿਆਂ `ਤੇ ਛੋਟੇ ਭੂਰੇ ਧੱਬੇ ਪਾ ਦਿੰਦੀ ਹੈ। ਬਾਅਦ `ਚ ਇਹ ਧੱਬੇ ਤਣੇ ਤੇ ਫਲਾਂ ਤੱਕ ਵੀ ਫੈਲ ਜਾਂਦੇ ਹਨ। ਜੇਕਰ ਇਸਦਾ ਹਮਲਾ ਦੇਖਿਆ ਜਾਵੇ ਤਾਂ ਮੈਨਕੋਜ਼ੇਬ 400 ਗ੍ਰਾਮ ਜਾਂ ਟੈਬੂਕੋਨਾਜ਼ੋਲ 200 ਮਿ.ਲੀ ਪ੍ਰਤੀ 200 ਲੀਟਰ ਪਾਣੀ ਦੀ ਸਪਰੇਅ ਕਰੋ। ਪਹਿਲੀ ਸਪਰੇਅ ਤੋਂ 10-15 ਦਿਨਾਂ ਬਾਅਦ ਦੋਬਾਰਾ ਸਪਰੇਅ ਕਰੋ। ਇਸਨੂੰ ਰੋਕਣ ਲਈ ਕਲੋਰੋਥੈਲੋਨਿਲ 250 ਗ੍ਰਾਮ ਪ੍ਰਤੀ 100 ਲੀਟਰ ਪਾਣੀ ਦੀ ਸਪਰੇਅ ਕਰੋ।
3. ਪੱਤਿਆਂ ਦੇ ਧੱਬੇ:
ਇਸ ਬਿਮਾਰੀ ਨਾਲ ਪੱਤਿਆਂ ਦੇ ਹੇਠਲੇ ਪਾਸੇ ਚਿੱਟੇ ਧੱਬੇ ਪੈ ਜਾਂਦੇ ਹਨ। ਜ਼ਿਆਦਾ ਹਮਲੇ ਦੀ ਸਥਿਤੀ `ਚ ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ। ਇਸਤੋਂ ਬਚਾਅ ਲਈ ਖੇਤ `ਚ ਪਾਣੀ ਨਾ ਖੜਨ ਦਿਓ ਤੇ ਖੇਤ ਦੀ ਸਫਾਈ ਰੱਖੋ। ਬਿਮਾਰੀ ਨੂੰ ਰੋਕਣ ਲਈ ਹੈਕਸਾਕੋਨਾਜ਼ੋਲ ਦੇ ਨਾਲ ਸਟਿੱਕਰ 1 ਮਿ.ਲੀ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।
Summary in English: Follow these steps to protect tomato plants from pests and diseases