![ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ](https://d2ldof4kvyiyer.cloudfront.net/media/16408/farm-pond.jpeg)
ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ
Water Requirement of Crops: ਪਾਣੀ ਦੇ ਸਾਧਨਾਂ ਦੀ ਘਾਟ ਅਤੇ ਉਪਲੱਬਧ ਪਾਣੀ ਦੀ ਦੁਰਵਰਤੋਂ ਸਦਕਾ ਸਿੰਚਾਈ ਲਈ ਪਾਣੀ ਦੀ ਘਾਟ ਹੋ ਰਹੀ ਹੈ। ਮੀਂਹ ਸਾਰਾ ਸਾਲ ਇੱਕਸਾਰ ਨਾਂ ਪੈਣ ਕਾਰਨ ਫਸਲਾਂ ਦਾ ਝਾੜ ਵੀ ਘੱਟ ਜਾਂਦਾ ਹੈ। ਇਸ ਲਈ ਇਹ ਜਰੂਰੀ ਹੋ ਜਾਂਦਾ ਹੈ ਕੀ ਅਜਿਹੀਆਂ ਤਕਨੀਕਾਂ ਅਪਣਾਈਆਂ ਜਾਣ ਜਿਸ ਨਾਲ ਖੇਤ ਦਾ ਪਾਣੀ ਖੇਤ ਵਿੱਚ ਹੀ ਜੀਰ ਸਕੇ ਅਤੇ ਜਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੋਵੇ ਤਾਂ ਜੋ ਉਸਦੀ ਪਾਣੀ ਨੂੰ ਸੰਭਾਲਣ ਦੀ ਸਮਰੱਥਾ ਵੱਧ ਸਕੇ। ਜੇ ਅਸੀਂ ਸਹੀ ਫਸਲ ਤੇ ਕਿਸਮ ਦੀ ਚੋਣ, ਸਹੀ ਸਮੇਂ ਤੇ ਸਹੀ ਤਕਨੀਕ ਨਾਲ ਬਿਜਾਈ, ਖਾਦਾਂ ਦੀ ਸਹੀ ਵਰਤੋਂ ਆਦਿ ਕਰੀਏ ਤਾਂ ਘੱਟ ਪਾਣੀ ਨਾਲ ਵੀ ਵੱਧ ਝਾੜ ਲੈ ਸਕਦੇ ਹਾਂ।
ਪਾਣੀ ਦੀ ਰੋੜ ਘਟਾਉਣ ਤੇ ਜਮੀਨ ਵਿੱਚ ਪਾਣੀ ਜਿਆਦਾ ਜੀਰਨ ਲਈ ਤਰੀਕੇ:
ਜੇ ਜਮੀਨ ਢਲਾਣ ਵਾਲੀ ਹੋਵੇ ਤਾਂ ਰੁੜ ਰਿਹਾ ਪਾਣੀ ਜਮੀਨ ਵਿੱਚ ਘੱਟ ਜੀਰਦਾ ਹੈ ਤੇ ਭੋਂ-ਖੋਰ ਵੀ ਹੁੰਦਾ ਹੈ। ਸੋ ਖੇਤਾਂ ਨੂੰ ਪੱਧਰਾ ਕਰਕੇ ਵੱਟਾਂ ਮਜਬੂਤ ਕੀਤੀਆਂ ਜਾਣ ਤਾਂ ਸਾਰੇ ਖੇਤ ਨੂੰ ਇੱਕਸਾਰ ਪਾਣੀ ਮਿਲੇਗਾ ਅਤੇ ਭੋਂ-ਖੋਰ ਵੀ ਘਟੇਗਾ। ਜਮੀਨ ਵਿੱਚ ਵੱਧ ਤੋਂ ਵੱਧ ਪਾਣੀ ਜੀਰੇ ਇਸ ਲਈ ਜਰੂਰੀ ਹੈ ਕਿ ਸਹੀ ਸਮੇਂ ਤੇ ਸਹੀ ਤਰੀਕੇ ਨਾਲ ਵਹਾਈ ਕੀਤੀ ਜਾਵੇ। ਮਾਨਸੂਨ ਦੀਆਂ ਬਾਰਸ਼ਾਂ ਤੋਂ ਲੱਗਭੱਗ ਇੱਕ ਮਹੀਨਾ ਪਹਿਲਾਂ ਖੇਤ ਵਾਹ ਕੇ ਖੁੱਲੇ ਛ਼ੱਡਣ ਨਾਲ ਮੀਂਹ ਦਾ ਪਾਣੀ ਖੇਤ ਵਿੱਚ ਜਿਆਦਾ ਜੀਰਦਾ ਹੈ। ਇਸ ਨਾਲ ਨਦੀਨ ਤੇ ਕੀੜੇ-ਮਕੌੜੇ ਵੀ ਮਰ ਜਾਂਦੇ ਹਨ।
![ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ](https://d2ldof4kvyiyer.cloudfront.net/media/16411/nzve8786.jpg)
ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ
ਸਾਉਣੀ ਦੀਆਂ ਫਸਲਾਂ ਖਾਸ ਤੌਰ ਤੇ ਮੱਕੀ ਜਦੋਂ ਇੱਕ ਮਹੀਨੇ ਦੀ ਹੋ ਜਾਵੇ ਤਾਂ ਦੇਸੀ ਹਲ ਜਾਂ ਟਰੈਕਟਰ ਦੇ ਰਿੱਜਰ ਨਾਲ ਕਤਾਰਾਂ ਦੇ ਵਿੱਚਕਾਰ ਮਿੱਟੀ ਚੜਾਈ ਜਾ ਸਕਦੀ ਹੈ। ਇਸ ਨਾਲ ਕਤਾਰਾਂ ਦੇ ਵਿੱਚਕਾਰ ਛੋਟੀਆਂ ਖਾਲੀਆਂ ਬਣ ਜਾਂਦੀਆਂ ਹਨ ਜੋ ਮੀਂਹ ਦੇ ਪਾਣੀ ਨੂੰ ਖੇਤ ਵਿੱਚ ਵੱਧ ਜੀਰਨ ਲਈ ਸਹਾਈ ਹੁੰਦੀਆਂ ਹਨ। ਸਾਉਣੀ ਦੀ ਫਸਲ ਦੀ ਕਟਾਈ ਤੋਂ ਇੱਕਦਮ ਬਾਅਦ ਖੇਤ ਚੰਗੀ ਤਰਾਂ ਵਾਹ ਕੇ ਸੁਹਾਗਾ ਫੇਰ ਕੇ ਜਮੀਨ ਵਿੱਚਲੀ ਨਮੀਂ ਨੂੰ ਅਗਲੀ ਫਸਲ ਲਈ ਸੰਭਾਲ ਸਕਦੇ ਹਾਂ।
ਰੁੜ ਕੇ ਜਾ ਰਹੇ ਪਾਣੀ ਨੂੰ ਸੰਭਾਲ ਕੇ ਸਿੰਜਾਈ ਲਈ ਵਰਤਣਾ:
ਜੇ ਅਸੀਂ ਖੇਤ ਵਿੱਚ ਪੈ ਰਿਹਾ ਮੀਂਹ ਖੇਤ ਵਿੱਚ ਹੀ ਸੰਭਾਲ ਲੈਂਦੇ ਹਾਂ ਤਾਂ ਜੇ 10-15 ਦਿਨ ਮੀਂਹ ਨਾਂ ਪਵੇ ਤਾਂ ਫਸਲ ਇਸ ਸੋਕੇ ਨੂੰ ਸਹਾਰ ਲੈਂਦੀ ਹੈ ਪ੍ਰੰਤੂ ਜੇ ਸੋਕਾ ਜਿਆਦਾ ਦਿਨ ਦਾ ਹੋਵੇ ਤਾਂ ਫਸਲ ਨੂੰ ਬਚਾਉਣ ਲਈ ਸਿੰਚਾਈ ਕਰਨੀ ਜਰੂਰੀ ਹੋ ਜਾਂਦੀ ਹੈ। ਇਸ ਮੌਕੇ ਮੀਂਹ ਦਾ ਟੋਭਿਆਂ ਵਿੱਚ ਇਕੱਤਰ ਕੀਤਾ ਪਾਣੀ ਇਸ ਕੰਮ ਲਈ ਵਰਤੀਆ ਜਾ ਸਕਦਾ ਹੈ। ਜੇ ਇਹ ਪਾਣੀ ਤੁਪਕਾ ਜਾਂ ਫੁਹਾਰਾ ਪ੍ਰਣਾਲੀ ਨਾਲ ਵਰਤਿਆ ਜਾਵੇ ਤਾਂ ਜਿਆਦਾ ਲਾਹੇਵੰਦ ਹੈ।
ਇਹ ਵੀ ਪੜ੍ਹੋ : ਕਪਾਹ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਵੱਡੀ ਖ਼ਬਰ!
ਘੱਟ ਪਾਣੀ ਉਪਲਬਧ ਹੋਣ ਤੇ ਫ਼ਸਲ ਉਤਪਾਦਨ ਤਕਨੀਕਾਂ:
ਘੱਟ ਪਾਣੀ ਉਪਲਬਧ ਹੋਣ ਤੇ ਇਹ ਬਹੁਤ ਜਰੂਰੀ ਹੁੰਦਾ ਹੈ ਕਿ ਉਸ ਇਲਾਕੇ ਲਈ ਢੁਕਵੀਂ ਫ਼ਸਲ ਅਤੇ ਉਸਦੀ ਢੁਕਵੀਂ ਕਿਸਮ ਦੀ ਚੌਣ ਕੀਤੀ ਜਾਵੇ। ਫ਼ਸਲ ਦੀ ਚੌਣ ਲਈ ਜਮੀਨ ਦੀ ਕਿਸਮ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਕਿਉਕਿ ਚੀਕਣੀਆਂ ਜਮੀਨਾਂ ਰੇਤਲੀਆਂ ਜਮੀਨਾਂ ਨਾਲੋਂ ਵੱਧ ਪਾਣੀ ਸੰਭਾਲਣ ਦੀ ਸਮਰੱਥਾ ਰੱਖਦੀਆਂ ਹਨ। ਹਲਕੀਆਂ ਜਮੀਨਾਂ ਵਿੱਚ ਸਾਉਣੀ ਵਿੱਚ ਮੂੰਗੀ, ਮਾਂਹ, ਤਿਲ ਤੇ ਮੱਕੀ ਅਤੇ ਭਾਰੀਆਂ ਜਮੀਨਾਂ ਵਿੱਚ ਝੋਨਾ ਬੀਜਿਆ ਜਾ ਸਕਦਾ ਹੈ। ਪਾਣੀ ਦੀ ਘਾਟ ਵਾਲੇ ਇਲਾਕਿਆਂ ਵਿੱਚ ਘੱਟ ਸਮਾਂ ਲੈਣ ਵਾਲੀਆਂ ਅਤੇ ਝੋਨੇ ਨੂੰ ਸਹਾਰ ਸਕਣ ਵਾਲੀਆਂ ਕਿਸਮਾਂ ਬੀਜਣੀਆਂ ਚਾਹੀਦੀਆਂ ਹਨ।
ਸਾਉਣੀ ਦੀਆਂ ਫ਼ਸਲਾ ਬੀਜਣ ਲਈ 10-15 ਦਿਨ ਦਾ ਸਮਾਂ ਹੀ ਸਹੀ ਹੁੰਦਾ ਹੈ। ਸਮੇਂ ਸਿਰ ਬਿਜਾਈ ਬਹੁਤ ਮਹੱਤਵਪੂਰਨ ਹੈ। ਜੇ ਸਾਉਣੀ ਦੀ ਫ਼ਸਲ ਦੀ ਬਿਜਾਈ ਦੇਰੀ ਨਾਲ ਹੋਵੇ ਤਾਂ ਫੁਲ ਬਣਨ ਸਮੇਂ ਜਾਂ ਦਾਣੇ ਬਣਨ ਸਮੇਂ ਪਾਣੀ ਦੀ ਘਾਟ ਆ ਸਕਦੀ ਹੈ। ਜਿਸ ਨਾਲ ਝਾੜ ਵਿੱਚ ਕਾਫੀ ਕਮੀ ਆਉਂਦੀ ਹੈ। ਜੇ ਜਮੀਨ ਢਲਾਣ ਵਾਲੀ ਹੋਵੇ ਤਾਂ ਵਹਾਈ ਤੇ ਬਿਜਾਈ ਢਲਾਣ ਦੇ ਉਲਟ ਕਰਨੀ ਚਾਹੀਦੀ ਹੈ। ਨਦੀਨਾਂ ਦੀ ਰੋਕਥਾਮ ਵੀ ਬਹੁਤ ਮਹੱਤਵਪੂਰਨ ਹੈ ਕਿਉਕਿ ਇਹ ਮੁੱਖ ਫ਼ਸਲ ਨਾਲ ਪਾਣੀ, ਤੱਤਾਂ ਅਤੇ ਰੋਸ਼ਨੀ ਲਈ ਮੁਕਾਬਲਾ ਕਰਦੇ ਹਨ।
ਇਹ ਵੀ ਪੜ੍ਹੋ : ਉੱਤਰ ਭਾਰਤ ਵਿੱਚ Pink Bollworm ਇੱਕ ਵੱਡੀ ਚੁਣੌਤੀ, ਮਾਹਿਰਾਂ ਵੱਲੋਂ ਨਰਮਾ ਪੱਟੀ ਦਾ ਦੌਰਾ
![ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ](https://d2ldof4kvyiyer.cloudfront.net/media/16409/maize-drip.jpeg)
ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ
ਜਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਕਿਵੇਂ ਵਧਾਈਏ:
ਜਮੀਨ ਵਿਚਲਾ ਜੈਵਿਕ ਮਾਦਾ, ਜਮੀਨ ਦੀ ਪਾਣੀ ਸੰਭਾਲਣ ਦੀ ਸਮਰੱਥਾ ਵਧਾਉਦਾਂ ਹੈ। ਜਮੀਨ ਵਿੱਚ ਜੈਵਿਕ ਮਾਦਾ 1% ਵਧ ਜਾਵੇ ਤਾਂ ਪ੍ਰਤੀ ਏਕੜ 75000 ਲਿਟਰ ਪਾਣੀ ਸੰਭਾਲਂ ਦੀ ਸਮਰੱਥਾ ਵਧ ਜਾਂਦੀ ਹੈ। ਜੈਵਿਕ ਮਾਦਾ ਵਧਾਉਣ ਲਈ ਰੂੜੀ ਦੀ ਖਾਦ ਪਾਉਣੀ ਤੇ ਫ਼ਸਲਾਂ ਦੀ ਰਹਿੰਦ-ਖੂੰਹਦ ਜਮੀਨ ਵਿੱਚ ਮਿਲਾਉਣੀ ਬਹੁਤ ਜਰੂਰੀ ਹੈ।
ਖਾਦਾਂ ਦੀ ਸਹੀ ਵਰਤੋਂ:
ਘੱਟ ਪਾਣੀ ਉਪਲੱਬਧ ਹੋਣ ਤੇ ਖਾਦ ਸਹੀ ਸਮੇਂ ਤੇ ਅਤੇ ਸਹੀ ਡੂੰਘਾਈ ਤੇ ਪਾਉਣੀ ਜਰੂਰੀ ਹੈ। ਖਾਦਾਂ ਦਾ ਛੱਟਾ ਦੇਣ ਦੀ ਥਾਂ ਤੇ ਜਮੀਨ ਵਿੱਚ ਫਸਲਾਂ ਦੀਆਂ ਕਤਾਰਾਂ ਦੇ ਨੇੜੇ-ਨੇੜੇ ਪਾਈ ਜਾਵੇ। ਹਲਕੀਆਂ ਜਮੀਨਾਂ ਵਿੱਚ ਨਾਈਟ੍ਰੋਜਨ ਵਾਲੀਆਂ ਖਾਦਾਂ ਨੂੰ ਕਿਸ਼ਤਾਂ ਵਿੱਚ ਪਾਉਣ ਨਾਲ ਖਾਦ ਦਾ ਅਸਰ ਵੱਧ ਹੁੰਦਾ ਹੈ। ਯੂਰੀਆ ਦਾ ਸਪਰੇਅ (2%) ਕਰਨ ਨਾਲ ਵੀ ਨਾਈਟ੍ਰੋਜਨ ਦੀ ਕੁੱਝ ਘਾਟ ਪੂਰੀ ਕੀਤੀ ਜਾ ਸਕਦੀ ਹੈ। ਰਸਾਇਣਿਕ ਖਾਦਾਂ ਅਤੇ ਰੂੜੀ ਵਾਲੀਆਂ ਖਾਦਾਂ ਦੀ ਮਿਲਾ ਕੇ ਵਰਤੋਂ ਕਰਨੀ ਜਿਆਦਾ ਲਾਹੇਵੰਦ ਰਹਿੰਦੀ ਹੈ।
ਇਹ ਵੀ ਪੜ੍ਹੋ : ਕਪਾਹ ਦੀ ਫ਼ਸਲ ਨੂੰ ਕੀਟਨਾਸ਼ਕਾਂ ਤੋਂ ਬਚਾਉਣ ਲਈ ਸੁਝਾਵ! ਪੜ੍ਹੋ ਪੂਰੀ ਖ਼ਬਰ
![ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ](https://d2ldof4kvyiyer.cloudfront.net/media/16410/mulch.png)
ਪਾਣੀ ਦੀ ਰੋੜ ਘਟਾਉਣ ਤੇ ਜਮੀਨ 'ਚ ਪਾਣੀ ਜ਼ਿਆਦਾ ਜੀਰਨ ਦੇ ਤਰੀਕੇ
ਸੋ ਉਪਰੋਕਤ ਨੁਕਤੇ ਅਪਣਾਅ ਕੇ ਘੱਟ ਪਾਣੀ ਵਾਲੀਆਂ ਹਾਲਤਾਂ ਵਿੱਚ ਵੀ ਸਾਉਣੀ ਦੀਆਂ ਫਸਲਾਂ ਦਾ ਵੱਧ ਝਾੜ ਲਿਆ ਜਾ ਸਕਦਾ ਹੈ।
ਮਨਮੋਹਨਜੀਤ ਸਿੰਘ, ਅਨਿਲ ਖੋਖਰ, ਅਬਰਾਰ ਯੂਸੁਫ਼ ਅਤੇ ਮੁਹੰਮਦ ਅਮੀਨ ਭੱਟ
ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ
Summary in English: How to successfully cultivate kharif crops in the absence of water?