![](https://d2ldof4kvyiyer.cloudfront.net/media/4249/mulch-in-the-garden.jpg)
ਪੰਜਾਬ ਵਿਚ ਝੋਨੇ ਦੀ ਕਟਾਈ ਅਕਤੂਬਰ ਮਹੀਨੇ ਕੀਤੀ ਜਾਂਦੀ ਹੈ ਅਤੇ ਇਸ ਜ਼ਿਆਦਾਤਰ ਝੋਨਾ ਕੰਬਾਈਨਾਂ ਨਾਲ ਵੱਢਿਆ ਜਾਂਦਾ ਹੈ । ਇਸ ਤਰਾਂ ਕਟਾਈ ਕੀਤੇ ਝੋਨੇ ਵਾਲੇ ਖੇਤਾਂ ਵਿਚ ਅਗਲੀ ਫ਼ਸਲ ਦੀ ਬਿਜਾਈ ਦੀ ਤਿਆਰੀ ਲਈ ਬਹੁਤ ਥੋੜਾ ਵਕਫ਼ਾ ਹੁੰਦਾ ਹੈ ਜਿਸ ਕਰਕੇ ਕਈ ਕਿਸਾਨ ਝੋਨੇ ਨੂੰ ਅੱਗ ਲਗਾ ਕੇ ਸਾੜ ਦਿੰਦੇ ਹਨ ਅਤੇ ਇਸ ਨਾਲ ਨਾ ਸਿਰਫ਼ ਪਰਦੂਸ਼ਣ ਦੀ ਸਮੱਸਿਆਂ ਹੁੰਦੀ ਹੈ ਸਗੋਂ ਜ਼ਮੀਨ ਵਿਚਲੇ ਖੁਰਾਕੀ ਤੱਤ ਅਤੇ ਲਾਭਦਾਇਕ ਸੂਖਮ ਜੀਵਾਣੂੰ ਵੀ ਨਸ਼ਟ ਹੋ ਜਾਂਦੇ ਹਨ ।ਇਕ ਅੰਦਾਜ਼ੇ ਮੁਤਾਬਿਕ ਧਰਤੀ ਵਿਚੋਂ ਝੋਨੇ ਦੁਆਰਾ ਲਈ ਗਈ ੨੫ ਪ੍ਰਤੀਸ਼ਤ ਨਾਈਟਰੋਜਨ ਤੇ ਫਾਸਫੋਰਸ ,੫੦ ਪ੍ਰਤੀਸ਼ਤ ਗੰਧਕ ਅਤੇ ੭੫ ਪ੍ਰਤੀਸ਼ਤ ਪੋਟਾਸ਼ ਪਰਾਲੀ ਵਿਚ ਹੀ ਰਹਿ ਜਾਂਦੀ ਹੈ। ਦੇਖਿਆ ਗਿਆ ਹੈ ਕਿ ੧੦ ਕੁਇੰਟਲ ਪਰਾਲੀ ਸਾੜਨ ਨਾਲ ੪੦੦ ਕਿਲੋ ਜੈਵਿਕ ਕਾਰਬਨ ਤੋਂ ਇਲਾਵਾ ੫.੫ ਕਿਲੋ ਨਾਈਟਰੋਜਨ, ੨.੩ ਕਿਲੋ ਫਾਸਫੋਰਸ, ੨੫ ਕਿਲੋ ਪੋਟਾਸ਼ੀਅਮ ਅਤੇ ੧.੨ ਕਿੱਲੋ ਗੰਧਕ ਦਾ ਨੁਕਸਾਨ ਹੁੰਦਾ ਹੈ। ਹਾਲਾਂਕਿ ਪਰਾਲੀ ਨੂੰ ਖੇਤ ਵਿਚ ਹੀ ਸੰਭਾਲਣ ਜਾਂ ਜਮੀਨ ਵਿੱਚ ਹੀ ਮਿਲਾਉਣ ਦੀਆਂ ਬਹੁਤ ਸਾਰੀਆਂ ਤਕਨੀਕਾਂ ਉਪਲੱਬਧ ਹਨ ਅਤੇ ਬਹੁਤ ਸਾਰੇ ਸੂਝਵਾਨ ਕਿਸਾਨ ਇਹਨਾਂ ਤਕਨੀਕਾਂ ਨੂੰ ਸਫ਼ਲਤਾ-ਪੂਰਵਕ ਅਪਣਾਅ ਰਹੇ ਹਨ । ਇਸ ਤੋਂ ਇਲਵਾ ਝੋਨਾਂ ਵਢਣ ਤੋਂ ਬਾਅਦ, ਪਰਾਲੀ ਨੂੰ ਇਕੱਠਾ ਕਰਕੇ ਇਸ ਦੀ ਕਈ ਤਰਾਂ ਨਾਲ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਇਸ ਤੋਂ ਕਈ ਤਰਾਂ ਦੇ ਪਦਾਰਥ ਬਨਾਉਣ ਦੀਆਂ ਤਕਨੀਕਾਂ ਵੀ ਉਪਲੱਬਧ ਹਨ । ਝੋਨੇ ਦੀ ਪਰਾਲੀ ਨੂੰ ਇਕੱਠਾ ਕਰਕੇ ਬਾਗਾਂ ਵਿਚ ਮਲਚਿੰਗ ਦੇ ਤੌਰ ਤੇ ਵੀ ਵਰਤਿਆ ਜਾ ਸਕਦਾ ਹੈ । ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋਂ ਵੱਖ-ਵੱਖ ਫ਼ਲਾਂ ਦੇ ਬਾਗਾਂ ਵਿਚ ਝੋਨੇ ਦੀ ਪਰਾਲੀ ਦੀ ਮਲਚਿੰਗ ਕਰਨ ਦੀ ਸਿਫ਼ਾਰਿਸ਼ ਕੀਤੀ ਗਈ ਹੈ । ਇਸ ਲਈ ਬਾਗਬਾਨ ਵੀਰਾਂ ਲਈ ਇਸ ਸਮਾਂ ਬਹੁਤ ਹੀ ਜਰੂਰੀ ਹੈ ਕਿਉਂਕਿ ਉਹ ਇਸ ਸਮੇ ਆਪਣੇ ਆਲੇ-ਦੁਆਲੇ ਦੇ ਖੇਤਾਂ ਵਿਚੋਂ ਸਮੇ ਸਿਰ ਪਰਾਲੀ ਇਕੱਠੀ ਕਰਕੇ ਹੁਣੇ ਹੀ ਸਾਂਭ ਲੈਣ ।
ਬਾਗਾਂ ਵਿਚ ਖਾਸ ਕਰਕੇ ਜਿਆਦਾ ਪਾਣੀ ਦੀ ਜਰੂਰਤ ਸਮੇ ਜਾਂ ਬਰਸਾਤਾਂ ਵੇਲੇ ਬਾਗਾਂ ਵਿਚ ਨਦੀਨਾਂ ਦੀ ਬਹੁਤ ਵੱਡੀ ਸਮੱਸਿਆ ਪੈਦਾ ਹੋ ਜਾਂਦੀ ਹੈ । ਇਹ ਨਦੀਨ ਫ਼ਲਦਾਰ ਬੂਟਿਆਂ ਨੂੰ ਪਾਈ ਖੁਰਾਕ ਅਤੇ ਲਗਾਏ ਪਾਣੀ ਦਾ ਬਹੁਤ ਵੱਡਾ ਹਿੱਸਾ ਖਪਤ ਕਰ ਜਾਂਦੇ ਹਨ ਅਤੇ ਕਈ ਬਿਮਾਰੀਆਂ ਅਤੇ ਕੀੜਿਆਂ ਦੀ ਪਨਾਹਗਾਹ ਵੀ ਬਣਦੇ ਹਨ। ਆਮ ਤੌਰ ਤੇ ਬਾਗਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਬਾਗਾਂ ਦੀ ਵਹਾਈ ਕੀਤੀ ਜਾਂਦੀ ਹੈ ਜਾਂ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾਂਦੀ ਹੈ । ਇਸ ਨਾਲ ਬਾਗਾਂ ਦੀ ਸੰਭਾਲ ਕਰਨ ਦੀ ਲਾਗਤ ਵੱਧ ਜਾਂਦੀ ਹੈ ਅਤੇ ਕਈ ਵਾਰ ਫ਼ਲਦਾਰ ਬੂਟਿਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ । ਇਸ ਲਈ ਬਾਗਾਂ ਵਿਚ ਨਦੀਨਾਂ ਦੀ ਸੁਖਾਲੀ ਅਤੇ ਕਿਫ਼ਾਇਤੀ ਢੰਗ ਨਾਲ ਰੋਕਥਾਂਮ ਕਰਨ ਲਈ ਮਲਚਿੰਗ ਇੱਕ ਵਧੀਆ ਬਦਲ ਹੋ ਸਕਦਾ ਹੈ । ਫ਼ਸਲਾਂ ਦੀ ਰਹਿੰਦ-ਖੂੰਦ ਜਾਂ ਜੈਵਿਕ ਮਲਚ ਬਾਗਾਂ ਵਿਚਲੀ ਜਮੀਨ ਵਿੱਚ ਨਮੀ ਅਤੇ ਤਾਪਮਾਨ ਬਰਕਰਾਰ ਰੱਖਣ ਦੇ ਨਾਲ-ਨਾਲ ਨਦੀਨਾਂ ਦੀ ਰੋਕਥਾਂਮ ਕਰਦੀ ਹੈ। ਇਸ ਮਲਚ ਦੇ ਗਲਣ-ਸੜਣ ਨਾਲ ਜਮੀਨ ਦੀ ਖੁਰਾਕੀ ਸਮਰੱਥਾ ਵਧ ਜਾਂਦੀ ਹੈ ਅਤੇ ਨਾਲ ਹੀ ਫ਼ਲਾਂ ਦੇ ਅਕਾਰ, ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ । ਪੰਜਾਬ ਵਿਚ ਝੋਨੇ-ਕਣਕ ਦਾ ਪ੍ਰਮੁਖ ਫ਼ਸਲੀ ਚੱਕਰ ਹੋਣ ਕਰਕੇ, ਝੋਨੇ ਦੀ ਪਰਾਲੀ ਅਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ ਅਤੇ ਇਸ ਨੂੰ ਇਕੱਠਾ ਕਰਕੇ ਬਾਗਾਂ ਵਿਚ ਵਰਤੋਂ ਲਈ ਸੰਭਾਲਿਆ ਜਾ ਸਕਦਾ ਹੈ
![](https://d2ldof4kvyiyer.cloudfront.net/media/4252/table-1_page_2.jpg)
ਵੱਖ-ਵੱਖ ਬਾਗਾਂ ਲਈ ਝੋਨੇ ਦੀ ਪਰਾਲੀ ਨਾਲ ਮਲਚਿੰਗ ਕਰਨ ਦੇ ਫ਼ਾਇਦੇ :
ਆੜੂ ਅਤੇ ਅਲੂਚਾ: ਆੜੂ ਅਤੇ ਅਲੂਚੇ ਦੇ ਫ਼ਲਾਂ ਦਾ ਵਾਧਾ ਅਤੇ ਵਿਕਾਸ ਬਹੁਤ ਤੇਜ ਹੁੰਦਾ ਹੈ ਅਤੇ ਇਹਨਾਂ ਫ਼ਲਾਂ ਦੀ ਕੀਮਤ ਇਸ ਦੇ ਫ਼ਲਾਂ ਦੇ ਚੰਗੇ ਅਕਾਰ ਅਤੇ ਗੁਣਵੱਤਾ ਦੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ । ਫ਼ਲਾਂ ਦੇ ਚੰਗੇ ਵਾਧੇ ਲਈ ਫ਼ਲ ਲੱਗਣ ਤੋਂ ਲੈ ਕੇ ਫ਼ਲਾਂ ਦੀ ਪਕਾਈ ਤੱਕ (ਮਾਰਚ ਤੋਂ ਮਈ ) ਲਗਾਤਾਰ ਸਿੰਚਾਈਆਂ ਕਰਕੇ ਜ਼ਮੀਨ ਵਿੱਚ ਲਗਾਤਾਰ ਸਿੱਲ ਬਰਕਰਾਰ ਰੱਖਣ ਦੀ ਜ਼ਰੂਰਤ ਹੰਦੀ ਹੈ । ਫ਼ਲਾਂ ਦੇ ਵਾਧੇ ਦੇ ਨਾਲ-ਨਾਲ ਵਧਦੀ ਗਰਮੀ ਨਾਲ ਪਾਣੀ ਦੀ ਮੰਗ ਬਹੁਤ ਜ਼ਿਆਦਾ ਵੱਧ ਜਾਂਦੀ ਹੈ । ਪਰ ਲਗਾਤਾਰ ਕੀਤੀਆਂ ਸਿੰਚਾਈਆਂ ਨਾਲ ਬਾਗਾਂ ਵਿਚ ਨਦੀਨਾਂ ਦਾ ਭਰਪੂਰ ਵਾਧਾ ਹੋ ਜਾਂਦਾ ਹੈ ਜੋ ਜਮੀਨ ਵਿਚਲਾ ਬਹੁਤ ਸਾਰਾ ਪਾਣੀ ਅਤੇ ਖੁਰਾਕ ਖਪਤ ਕਰ ਜਾਂਦੇ ਹਨ ਅਤੇ ਕੀੜਿਆਂ ਅਤੇ ਬਿਮਾਰੀਆਂ ਦੀਆਂ ਸਮਸਿਆਵਾਂ ਵੀ ਪੈਦਾ ਕਰ ਦਿੰਦੇ ਹਨ । ਇਸ ਲਈ ਆੜੂ ਅਤੇ ਅਲੂਚੇ ਦੇ ਬਾਗਾਂ ਵਿਚਲੀ ਜ਼ਮੀਨ ਵਿੱਚ ਨਮੀ ਬਰਕਰਾਰ ਰੱਖਣ ਅਤੇ ਨਦੀਨਾਂ ਤੇ ਕਾਬੂ ਰੱਖਣ ਲਈ ਬੂਟਿਆਂ ਹੇਠ ਝੋਨੇ ਦੀ ਪਰਾਲੀ ਨਾਲ ਮਲਚਿੰਗ ਕੀਤੀ ਜਾ ਸਕਦੀ ਹੈ । ਇਹ ਮਲਚਿੰਗ ਰਸਾਇਕਣ ਖਾਦਾਂ ਦੀ ਦੂਜੀ ਕਿਸ਼ਤ ਪਉਣ ਤੋਂ ਬਾਅਦ ਹੀ ਕਰਨੀ ਚਾਹੀਦੀ ਹੈ ।
ਨਾਸ਼ਪਾਤੀ : ਪੰਜਾਬ ਵਿਚ ਨਾਸ਼ਪਾਤੀ ਦੇ ਫ਼ਲਾਂ ਦਾ ਵਾਧਾ ਅਤੇ ਵਿਕਾਸ ਅਪ੍ਰੈਲ ਤੋਂ ਜੁਲਾਈ ਮਹੀਨਿਆਂ ਦੌਰਾਨ ਹੁੰਦਾ ਹੈ ਅਤੇ ਇਸ ਦੇ ਫ਼ਲਾਂ ਦੇ ਅਕਾਰ ਵਿਚ ਵਾਧੇ ਦੀ ਦਰ ਵੀ ਕਾਫ਼ੀ ਤੇਜ ਹੰਦੀ ਹੈ ਇਸ ਲਈ ਇਸ ਸਮੇ ਜ਼ਮੀਨ ਨੂੰ ਤਰ-ਵੱਤਰ ਰੱਖਣ ਲਈ ਨਾਸ਼ਪਾਤੀ ਦੇ ਬਾਗਾਂ ਵਿਚ ਲਗਾਤਾਰ ਸਿੰਚਾਈਆਂ ਕਰਨ ਦੀ ਸ਼ਿਫ਼ਾਰਿਸ਼ ਕੀਤੀ ਜਾਂਦੀ ਹੈ । ਲਾਗਾਤਾਰ ਲਗਦੇ ਪਾਣੀਆਂ ਨਾਲ ਬਾਗਾਂ ਵਿਚ ਨਦੀਨਾਂ ਦੀ ਸਮੱਸਿਆ ਉਤਪਨ ਹੋ ਜਾਂਦੀ ਹੈ ਅਤੇ ਇਹਨਾਂ ਦੀ ਰੋਕਥਾਂਮ ਕਰਨ ਲਈ ਵਾਧੂ ਖਰਚਾ ਹੋ ਜਾਂਦਾ ਹੈ । ਇਸ ਫ਼ਲ ਦੇ ਬਾਗਾਂ ਵਿਚ ਅਪ੍ਰੈਲ ਮਹੀਨੇ ਝੋਨੇ ਦੀ ਪਰਾਲੀ ਨਾਲ ਮਲਚਿੰਗ ਕਰਕੇ ਨਦੀਨਾਂ ਦੀ ਰੋਕਥਾਂਮ ਦੇ ਨਾਲ-ਨਾਲ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ । ਇਸ ਨਾਲ ਫ਼ਲਾਂ ਦੇ ਅਕਾਰ, ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੂੰਦਾ ਹੈ ।
![](https://d2ldof4kvyiyer.cloudfront.net/media/4251/parali.jpg)
ਅਮਰੂਦ: ਅਮਰੂਦਾਂ ਦੇ ਬੂਟੇ ਫ਼ੈਲਾਅ ਵਾਲੇ ਹੁੰਦੇ ਹਨ ਅਤੇ ਇਹ ਫ਼ਲ ਪੰਜਾਬ ਅਤੇ ਗੁਆਂਢੀ ਰਾਜਾਂ ਵਿਚ ਸਾਲ ਵਿਚ ਦੋ ਵਾਰ ਲਗਦਾ ਹੈ । ਬਰਸਾਤੀ ਫ਼ਸਲ ਲਈ ਲੱਗੇ ਫ਼ਲਾਂ ਦਾ ਵਾਧਾ ਅਤੇ ਵਿਕਾਸ ਮਈ-ਜੂਨ ਦੇ ਮਹੀਨਿਆਂ ਵਿੱਚ ਹੁੰਦਾ ਹੈ ਅਤੇ ਇਹ ਸਮਾਂ ਪੰਜਾਬ ਵਿਚ ਬਹੁਤ ਗਰਮੀ ਅਤੇ ਖੁਸ਼ਕੀ ਵਾਲਾ ਹੁੰਦਾ ਹੈ । ਅਜਿਹੇ ਮੌਸਮ ਵਿਚ ਫ਼ਲਾਂ ਦਾ ਕੇਰਾ ਹੋਣਾ ਜਾਂ ਫ਼ਲਦਾਰ ਬੂਟਿਆਂ ਉੱਪਰ ਹੋਰ ਬੁਰੇ ਪ੍ਰਭਾਵ ਪੈਣਾ ਸੁਭਾਵਿਕ ਹੈ । ਇਸ ਲਈ ਇਹਨਾਂ ਮਹੀਨਿਆਂ ਦੌਰਾਨ ਲਗਾਤਾਰ ਸਿੰਚਾਈਆਂ ਕੀਤੀਆਂ ਜਾਂਦੀਆਂ ਹਨ ਜਿਸ ਨਾਲ ਨਾ ਸਿਰਫ਼ ਪਾਣੀ ਦੀ ਖਪਤ ਜ਼ਿਆਦਾ ਹੁੰਦੀ ਹੈ ਸਗੋਂ ਬਾਗਾਂ ਵਿਚ ਨਦੀਨਾਂ ਦੀ ਭਰਮਾਰ ਹੋ ਜਾਂਦੀ ਹੈ । ਇਹ ਨਦੀਨ ਜਮੀਨ ਵਿਚੋਂ ਖੁਰਾਕ ਅਤੇ ਪਾਣੀ ਖਪਤ ਕਰਨ ਦੇ ਨਾਲ-ਨਾਲ ਕੀੜਿਆਂ ਖਾਸ ਕਰਕੇ ਫ਼ਲ ਦੀ ਮੱਖੀ ਨੂੰ ਵਧਣ-ਫ਼ੁਲਣ ਵਿੱਚ ਸਹਾਈ ਹੁੰਦੇ ਹਨ । ਇਹਨਾਂ ਸਭ ਸਮਸਿਆਂਵਾਂ ਦੇ ਹੱਲ ਲਈ ਅਮਰੂਦ ਦੇ ਬਾਗਾਂ ਵਿਚ ਮਈ ਮਹੀਨੇ ਰਸਾਇਣਕ ਖਾਦਾਂ ਦੀ ਪਹਿਲੀ ਕਿਸ਼ਤ ਪਉਣ ਤੋਂ ਬਾਅਦ ਝੋਨੇ ਦੀ ਪਰਾਲੀ ਦੀ ਮਲਚਿੰਗ ਕੀਤੀ ਜਾ ਸਕਦੀ ਹੈ । ਬਾਗ ਵਿੱਚ ਵਿਛੀ ਪਰਾਲ਼ੀ ਬਰਸਾਤਾਂ ਨਾਲ ਇੱਕ ਮੈਟ ਦੀ ਤਰਾਂ ਬਣ ਜਾਂਦੀ ਹੈ ਅਤੇ ਇਸ ਨਾਲ ਪਾਣੀ ਦੀ ਬੱਚਤ, ਨਦੀਨਾਂ ਦੀ ਰੋਕਥਾਂਮ ਦੇ ਨਾਲ-ਨਾਲ ਫ਼ਲ ਦੀ ਮੱਖੀ ਨਾਲ ਗ੍ਰਸਤ ਫ਼ਲਾਂ ਨੂੰ ਬਾਗ ਵਿਚੋਂ ਚੁਗਣਾ ਬਹੁਤ ਸੁਖਾਲਾ ਹੋ ਜਾਂਦਾ ਹੈ । ਇਸ ਮਲਚ ਨੂੰ ਸਤੰਬਰ-ਅਕਤੂਬਰ ਮਹੀਨੇ ਰਸਾਇਣਕ ਖਾਦਾਂ ਦੀ ਦੂਜੀ ਕਿਸਤ ਪਾਉਣ ਸਮੇ ਬਾਗ ਵਿਚ ਵਾਹ ਦੇਣਾ ਚਾਹੀਦਾ ਹੈ ।
ਬੇਰ: ਬੇਰਾਂ ਦੇ ਬਾਗਾਂ ਵਿਚ ਝੋਨੇ ਦੀ ਪਰਾਲੀ ਨਾਲ ਮਲਚਿੰਗ ਕਰਨ ਨਾਲ ਬਹੁਤ ਜ਼ਿਆਦਾ ਫ਼ਇਦਾ ਹੁੰਦਾ ਹੈ ਇਸ ਨਾਲ ਤਕਰੀਬਨ ੯੦ ਫ਼ੀਸਦੀ ਤਕ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਇਸ ਨਾਲ ਫ਼ਲਾਂ ਦੇ ਝਾੜ ਅਤੇ ਗੁਣਵੱਤਾ ਵਿਚ ਵੀ ਵਾਧਾ ਹੁੰਦਾ ਹੈ ।ਬੇਰਾਂ ਦੇ ਫ਼ਲਾਂ ਦਾ ਜ਼ਿਆਦਾ ਸਰਦੀ ਕਾਰਨ ਹੋਣ ਵਾਲਾ ਕੇਰਾ ਵੀ ਬਹੁਤ ਘਟ ਜਾਂਦਾ ਹੈ । ਇਸ ਫ਼ਲ ਦੇ ਬਾਗਾਂ ਵਿੱਚ ਅਕਤੂਬਰ ਮਹੀਨੇ ਦੇ ਅਖੀਰ ਵਿੱਚ ਝੋਨੇ ਦੀ ਪਰਾਲੀ ਵਿਛਾਉਣ ਦੀ ਸ਼ਿਫ਼ਾਰਿਸ਼ ਕੀਤੀ ਗਈ ਹੈ ਅਤੇ ਇਸੇ ਸਮੇਂ ਹੀ ਪੰਜਾਬ ਵਿਚ ਝੋਨਾ ਵਢਿਆ ਜਾਂਦਾ ਹੈ ਇਸ ਲਈ ਪਰਾਲੀ ਦੀ ਤੁਰੰਤ ਉਪਲੱਬਧੀ ਹੋ ਜਾਂਦੀ ਹੈ ।ਤਕਰੀਬਨ ੭੦-੭੫ ਕਿਲੋ ਪਰਾਲੀ ਪ੍ਰਤੀ ਬੂਟੇ ਦੇ ਹਿਸਾਬ ਨਾਲ ਵਿਛਾਈ ਜਾ ਸਕਦੀ ਹੈ । ਕਿਉਂਜੋ ਬੇਰ ਇਕ ਕੰਢਿਆਂ ਵਾਲਾ ਅਤੇ ਫ਼ੈਲਣ ਵਾਲਾ ਫ਼ਲਦਾਰ ਦਰੱਖਤ ਹੈ ਇਸ ਲਈ ਇਸ ਦੇ ਬਾਗਾਂ ਵਿਚ ਨਦੀਨਾਂ ਦੀ ਰੋਕਥਾਂਮ ਲਈ ਝੋਨੇ ਦੀ ਪਰਾਲੀ ਨਾਲ ਮਲਚਿੰਗ ਹੀ ਸਭ ਤੋਂ ਵਧੀਆ ਉਪਰਾਲਾ ਹੈ ।
ਸੋ,ਬਾਗਬਾਨ ਵੀਰੋ ਤੁਸੀ ਆਪਣੇ ਬਾਗਾਂ ਵਿਚ ਝੋਨੇ ਦੀ ਪਰਾਲੀ ਨੂੰ ਮਲਚਿੰਗ ਦੇ ਤੌਰ ਤੇ ਵਰਤੋਂ ਕਰਨ ਲਈ ਤੁਰੰਤ ਪਰਾਲੀ ਇਕਠੀ ਕਰ ਲਵੋ। ਇਸ ਨੂੰ ਕੰਬਾਈਨ ਦੇ ਵੱਢ ਵਿਚੋਂ ਜਾਂ ਪਰਾਲੀ ਦੀਆਂ ਗੱਠਾਂ ਇਕੱਠੀਆਂ ਕਰਕੇ ਆਪਣੇ ਬਾਗ ਦੇ ਇਕ ਪਾਸੇ ਸੰਭਾਲ ਲਵੋ ਤਾਂ ਕਿ ਸਿਫ਼ਾਰਿਸ਼ ਕੀਤੇ ਸਮੇਂ ਇਸ ਦੀ ਵਰਤੋਂ ਕੀਤੀ ਜਾ ਸਕੇ ।
ਜੇ.ਐਸ.ਬਰਾੜ, ਮਨਦੀਪ ਸਿੰਘ ਗਿੱਲ ਅਤੇ ਅਨਿਰੁਧ ਠਾਕੁਰ
Summary in English: Save paddy straw for use in your orchards now