ਕਣਕ ਦੀ ਪਛੇਤੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਾਸ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਪਣਾ ਕੇ ਪਛੇਤੀ ਬਿਜਾਈ ਵਾਲੀ ਕਣਕ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ।
![ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਸੁਝਾਅ ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਸੁਝਾਅ](https://d2ldof4kvyiyer.cloudfront.net/media/13129/wheat-1.jpg)
ਵੱਧ ਝਾੜ ਲੈਣ ਲਈ ਕਿਸਾਨਾਂ ਨੂੰ ਸੁਝਾਅ
Wheat Farming: ਪੰਜਾਬ ਵਿੱਚ ਕਣਕ ਹਾੜ੍ਹੀ ਰੁੱਤ ਦੀ ਸਭ ਤੋਂ ਪ੍ਰਮੁੱਖ ਫ਼ਸਲ ਹੈ, ਜਿਸ ਦੀ ਬਿਜਾਈ ਤਕਰੀਬਨ 35 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਚੰਗਾ ਝਾੜ ਲੈਣ ਲਈ ਕਣਕ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੌਥੇ ਹਫ਼ਤੇ ਤੋਂ ਨਵੰਬਰ ਦੇ ਚੌਥੇ ਹਫ਼ਤੇ ਤੱਕ ਹੁੰਦਾ ਹੈ ਅਤੇ ਇਸ ਦੀ ਲਗਭਗ 90% ਬਿਜਾਈ ਇਸੇ ਸਮੇਂ ਦੇ ਦੌਰਾਨ ਹੀ ਕੀਤੀ ਜਾਂਦੀ ਹੈ।
ਝੋਨੇ-ਕਣਕ ਦੇ ਫ਼ਸਲੀ ਚੱਕਰ ਵਿੱਚ ਝੋਨੇ ਦੀ ਫ਼ਸਲ ਸਹੀ ਸਮੇਂ ਤੇ ਕਣਕ ਦੀ ਬਿਜਾਈ ਲਈ ਖੇਤ ਖਾਲੀ ਕਰ ਦਿੰਦੀ ਹੈ। ਪ੍ਰੰਤੂ ਕੁਝ ਹੋਰ ਫ਼ਸਲੀ ਚੱਕਰਾਂ ਜਿਵੇਂ ਕਿ ਮੱਕੀ/ਝੋਨਾ-ਆਲੂ-ਕਣਕ, ਮੂੰਗਫ਼ਲੀ-ਆਲੂ/ਤੋਰੀਆ/ਮਟਰ/ਪਛੇਤਾ ਸਾਉਣੀ ਰੁੱਤ ਦਾ ਚਾਰਾ-ਕਣਕ, ਬਾਸਮਤੀ-ਕਣਕ, ਨਰਮਾ-ਕਣਕ ਆਦਿ ਵਿੱਚ ਕਣਕ ਦੀ ਬਿਜਾਈ ਵਿੱਚ ਅਕਸਰ ਦੇਰੀ ਹੋ ਜਾਂਦੀ ਹੈ। ਕਈ ਵਾਰ ਖਾਸ ਹਾਲਤਾਂ ਵਿੱਚ ਜਿਵੇਂ ਕਿ ਖਾਰੀਆਂ ਜ਼ਮੀਨਾਂ, ਘੱਟ ਪਾਣੀ ਜ਼ੀਰਣ ਦੀ ਸਮਰੱਥਾ ਅਤੇ ਲੰਮੇ ਸਮੇਂ ਤੱਕ ਜ਼ਮੀਨ ਵਿੱਚ ਵਧੇਰੇ ਨਮੀ ਦੇ ਕਾਰਨ ਝੋਨੇ/ਬਾਸਮਤੀ ਦੀ ਕਟਾਈ ਲੇਟ ਹੋਣ ਕਰਕੇਵੀ ਕਣਕ ਦੀ ਬਿਜਾਈ ਪਛੇਤੀ ਹੋ ਸਕਦੀ ਹੈ।
ਬਿਜਾਈ ਪਿਛੇਤੀ ਹੋਣ ਕਰਕੇ ਕਣਕ ਦਾ ਝਾੜ ਘਟਣ ਦਾ ਬਹੁਤ ਖਦਸ਼ਾ ਹੁੰਦਾ ਹੈ ਕਿਉਂਕਿ ਆਮ ਤੌਰ ਤੇ ਢੁੱਕਵੇਂ ਸਮੇਂ ਤੋਂ ਬਿਜਾਈ ਵਿੱਚ ਇੱਕ ਹਫ਼ਤੇ ਦੀ ਪਛੇਤ, ਝਾੜ ਨੂੰ ਤਕਰੀਬਨ 150 ਕਿਲੋ ਪ੍ਰਤੀ ਏਕੜ ਪ੍ਰਤੀ ਹਫ਼ਤਾ ਘਟਾ ਦਿੰਦੀ ਹੈ। ਅਜਿਹੀਆਂ ਸਥਿਤੀਆਂ ਵਿੱਚ ਕਣਕ ਦੀ ਪਛੇਤੀ ਬਿਜਾਈ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖਾਸ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਆਪਣਾ ਕੇ ਪਛੇਤੀ ਬਿਜਾਈ ਵਾਲੀ ਕਣਕ ਦਾ ਵਧੀਆ ਝਾੜ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਆਓ ਕਰੀਏ ਕਣਕ ਦੇ ਵਧੇਰੇ ਝਾੜ ਲਈ ਜੀਵਾਣੂੰ ਅਤੇ ਰਸਾਇਣਕ ਖਾਦਾਂ ਦੀ ਸੁਮੇਲ ‘ਚ ਵਰਤੋਂ, ਪੀਏਯੂ ਵੱਲੋਂ ਵਿਸ਼ੇਸ਼ ਸਲਾਹ
ਕਿਸਮਾਂ ਦੀ ਚੋਣ
ਸਹੀ ਸਮੇਂ ਤੇ ਬੀਜੀਆਂ ਜਾਣ ਵਾਲੀਆਂ ਕਿਸਮਾਂ ਪਛੇਤੀ ਬਿਜਾਈ ਵਿੱਚ ਵਧੀਆ ਝਾੜ ਨਹੀਂ ਦੇ ਸਕਦੀਆਂ। ਇਸ ਲਈ ਪਛੇਤੀ ਬਿਜਾਈ ਲਈ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਜਿਵੇ ਕਿ ਪੀ ਬੀ ਡਬਲਯੂ 752 ਅਤੇ ਪੀ ਬੀ ਡਬਲਯੂ 658 ਦੀ ਚੋਣ ਕਰਨੀ ਚਾਹੀਦੀ ਹੈ। ਇਹ ਕਿਸਮਾਂ ਪੱਕਣ ਲਈ 130-133 ਦਿਨ ਦਾ ਸਮਾਂ ਲੈਂਦੀਆਂ ਹਨ ਅਤੇ 17.6-19.2 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀਆਂ ਹਨ।
ਖੇਤ ਦੀ ਤਿਆਰੀ
ਜੇਕਰ ਪਛੇਤੀ ਕਣਕ ਬਾਸਮਤੀ ਤੋਂ ਬਾਅਦ ਬੀਜਣੀ ਹੋਵੇ ਤਾਂ ਪਰਾਲੀ ਦੇ ਪ੍ਰਬੰਧਨ ਵੱਲ ਧਿਆਨ ਦੇਣਾ ਜ਼ਰੂਰੀ ਹੈ। ਪਰਾਲੀ ਨੂੰ ਮੁੱਢ ਕੱਟਣ ਅਤੇ ਕੁਤਰਾ ਕਰਨ ਵਾਲੀ ਮਸ਼ੀਨ ਨਾਲ ਕੁਤਰਾ ਕਰਕੇ ਖੇਤ ਵਿੱਚ ਮਿਲਾਇਆ ਜਾ ਸਕਦਾ ਹੈ। ਇਸੇ ਤਰਾਂ, ਪਰਾਲੀ ਨੂੰ ਮੁੱਢ ਕੱਟਣ ਵਾਲੇ ਰੀਪਰ ਨਾਲ ਕੱਟਣ ਤੋਂ ਬਾਅਦ ਗੱਠਾਂ ਬਣਾਉਣ ਵਾਲੀ ਮਸ਼ੀਨ ਨਾਲ ਖੇਤ ਵਿੱਚੋਂ ਬਾਹਰ ਕੱਢਿਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਕੰਬਾਈਨ ਦੇ ਪਿੱਛੇ ਲੱਗੇ ਪਰਾਲੀ ਖਿਲਾਰਣ ਵਾਲੇ ਯੰਤਰ ਨਾਲ ਕੱਟੀ ਬਾਸਮਤੀ ਦੇ ਵੱਢ ਵਿੱਚ ਪਛੇਤੀ ਕਣਕ ਦੀ ਬਿਜਾਈ ਹੈਪੀ ਸੀਡਰ ਜਾਂ ਸੁਪਰ ਨਾਲ ਕੀਤੀ ਜਾ ਸਕਦੀ ਹੈ। ਜੇਕਰ ਖੇਤ ਵਿੱਚ ਨਦੀਨਾਂ ਦੀ ਅਤੇ ਪਰਾਲ਼ੀ ਦੀ ਕੋਈ ਖਾਸ ਸਮੱਸਿਆ ਨਾ ਹੋਵੇ ਤਾਂ ਬਿਜਾਈ ਬਿਨਾਂ ਵਾਹ-ਵਹਾਈ ਦੇ ਜ਼ੀਰੋ ਟਿਲ ਡਰਿੱਲ ਨਾਲ ਵੀ ਕੀਤੀ ਜਾ ਸਕਦੀ ਹੈ। ਪਛੇਤੀ ਕਣਕ ਦੀ ਬਿਜਾਈ ਲਈ ਬਿਨਾਂ ਵਹਾਈ ਵਾਲੇ ਤਰੀਕਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬਿਜਾਈ 5-7 ਦਿਨਾਂ ਦੀ ਅਗੇਤ ਨਾਲ ਕੀਤੀ ਜਾ ਸਕਦੀ ਹੈ।
ਬਿਜਾਈ ਦਾ ਸਮਾਂ
ਸਾਉਣੀ ਦੀਆਂ ਫ਼ਸਲਾਂ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਛੇਤੀ ਤੋਂ ਛੇਤੀ ਕਰਨੀ ਚਾਹੀਦੀ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਖੇਤ ਖਾਲੀ ਹੋਣ ਤੋਂ ਬਾਅਦ ਜਿੰਨੀ ਛੇਤੀ ਹੋ ਸਕੇ, ਬਿਜਾਈ ਕਰ ਦਿੱਤੀ ਜਾਵੇ। ਕਣਕ ਦੀ ਬਿਜਾਈ ਜੇਕਰ 20 ਦਸੰਬਰ ਤੱਕ ਹੋ ਜਾਵੇ ਤਾਂ ਝਾੜ ਵਿੱਚ ਕੋਈ ਜ਼ਿਆਦਾ ਕਮੀ ਨਹੀਂ ਆਉਂਦੀ ਪ੍ਰੰਤੂ ਇਸ ਤੋਂ ਪਛੇਤੀ ਬਿਜਾਈ ਨਾਲ ਪੌਦੇ ਦਾ ਪੂਰਾ ਵਾਧਾ ਵਿਕਾਸ ਨਹੀਂ ਹੁੰਦਾ, ਜਿਸ ਨਾਲ ਝਾੜ ਕਾਫ਼ੀ ਘਟ ਜਾਂਦਾ ਹੈ।
ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ
ਪਛੇਤੀ ਬਿਜਾਈ ਵਾਲੀ ਕਣਕ ਦਾ ਚੰਗਾ ਝਾੜ ਲੈਣ ਲਈ ਆਮ ਤੌਰ ਤੇ 40 ਕਿਲੋ ਬੀਜ ਪ੍ਰਤੀ ਏਕੜ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਲਈਬੀਜ ਦੀ ਮਾਤਰਾ ਸਿਫਾਰਸ਼ ਤੋਂ 5-10 ਕਿਲੋ ਪ੍ਰਤੀ ਏਕੜ ਵੱਧ ਰੱਖਣੀ ਚਾਹੀਦੀ ਹੈ। ਕਣਕ ਦੀ ਪਛੇਤੀ ਬਿਜਾਈ ਵਿੱਚ ਉੱਗਣ ਸ਼ਕਤੀ ਨੂੰ ਵਧਾਉਣ ਲਈ ਬੀਜ ਨੂੰ 4-6 ਘੰਟੇ ਭਿਉਂ ਕੇ ਅਤੇ ਬਾਅਦ ਵਿੱਚ 24 ਘੰਟੇ ਸੁਕਾ ਕੇ ਬਿਜਾਈ ਕਰਨੀ ਲਾਹੇਵੰਦ ਹੁੰਦੀ ਹੈ। ਪਿਛੇਤੀ ਬਿਜਾਈ ਸਮੇਂ ਸਿਆੜਾਂ ਦਰਮਿਆਨ ਫ਼ਾਸਲਾ 15 ਸੈਂਟੀਮੀਟਰ ਰੱਖਣਾ ਚਾਹੀਦਾ ਹੈ ਅਤੇ ਡਰਿੱਲ ਨੂੰਵਰਤਣ ਤੋਂ ਪਹਿਲਾਂ ਸੈੱਟ ਕਰ ਲੈਣਾ ਚਾਹੀਦਾ ਹੈ ਤਾਂ ਕਿ ਬੀਜ ਅਤੇ ਖਾਦ ਦੀ ਲੋੜੀਂਦੀ ਮਾਤਰਾ ਪੋਰੀ ਜਾ ਸਕੇ। ਇਸ ਤੋਂ ਇਲਾਵਾ, ਦੋ ਤਰਫ਼ਾ ਬਿਜਾਈ ਅਤੇ ਬੈੱਡਾਂ ਉੱਤੇ ਬਿਜਾਈ ਵਾਲੇ ਤਰੀਕਿਆਂ ਨਾਲ ਵੀ ਪਛੇਤੀ ਕਣਕ ਦੀ ਬਿਜਾਈ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ: ਕਣਕ ਦੀਆਂ ਇਹ 3 ਕਿਸਮਾਂ ਸਭ ਤੋਂ ਵਧੀਆ, 120 ਦਿਨਾਂ ਵਿੱਚ ਦੇਣਗੀਆਂ 82.1 ਕੁਇੰਟਲ ਝਾੜ
ਖਾਦ ਪ੍ਰਬੰਧਨ
ਆਮ ਤੌਰ ਤੇ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ¢ ਮਿੱਟੀ ਦੀ ਪਰਖ ਨਾ ਕਰਵਾਉਣ ਦੀ ਸੂਰਤ ਵਿੱਚ 110 ਕਿਲੋ ਯੂਰੀਆ ਅਤੇ 55 ਕਿਲੋ ਡੀ ਏ ਪੀ ਜਾਂ 155 ਕਿਲੋ ਸਿੰਗਲ ਸੁਪਰਫ਼ਾਸਫ਼ੇਟ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਪੋਟਾਸ਼ ਦੀ ਵਰਤੋਂ ਸਿਰਫ਼ ਘਾਟ ਵਾਲੀਆਂ ਜ਼ਮੀਨਾਂ ਵਿੱਚ ਹੀ ਕੀਤੀ ਜਾਂਦੀ ਹੈ। ਸਾਰੀ ਫ਼ਾਸਫ਼ੋਰਸ ਅਤੇ ਪੋਟਾਸ਼ ਬਿਜਾਈ ਵੇਲੇ ਪੋਰ ਦੇਣੀ ਚਾਹੀਦੀ ਹੈ। ਜੇ ਫ਼ਾਸਫੋਰਸ ਤੱਤ ਲਈ ਡੀਏਪੀ ਖਾਦ ਪਾਈ ਗਈ ਹੋਵੇ ਤਾਂ ਬਿਜਾਈ ਵੇਲੇ ਯੂਰੀਆ ਪਾਉਣ ਦੀ ਲੋੜ ਨਹੀਂ, ਪਰ ਜੇ ਫ਼ਾਸਫੋਰਸ ਤੱਤ ਲਈ ਸੁਪਰਫਾਸਫੇਟ ਖਾਦ ਦੀ ਵਰਤੋਂ ਕਰਨੀ ਹੋਵੇ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।
ਇਸ ਤੋਂ ਬਾਅਦ ਅੱਧ ਦਸੰਬਰ ਤੋਂ ਪਹਿਲਾਂ ਬੀਜੀ ਕਣਕ ਨੂੰ ਪਹਿਲੇ ਅਤੇ ਦੂਜੇ ਪਾਣੀ ਨਾਲ 45 ਕਿੱਲੋ ਅਤੇ ਅੱਧ ਦਸੰਬਰ ਤੋਂ ਬਾਅਦ ਬੀਜੀ ਕਣਕ ਨੂੰ 35 ਕਿਲੋ ਯੂਰੀਆ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ। ਇਹ ਗੱਲ ਖਾਸ ਧਿਆਨ ਦੇਣ ਯੋਗ ਹੈ ਕਿ ਪਛੇਤੀ ਬਿਜਾਈ ਵਾਲੀ ਕਣਕ ਵਿੱਚ ਆਮ ਤੌਰ ਤੇ ਕਿਸਾਨ ਵਧੇਰੇ ਖਾਦਾਂ ਪਾਉਂਦੇ ਹਨ ਜਦਕਿ ਅੱਧ ਦਸੰਬਰ ਤੋਂ ਬਾਅਦ ਬੀਜੀਕਣਕ ਨੂੰ ਠੀਕ ਸਮੇਂ ਤੇ ਬੀਜੀ ਕਣਕ ਨਾਲੋਂ 25% ਨਾਈਟ੍ਰੋਜਨ ਘੱਟ ਪਾਉਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ¢ਜੇ ਬਾਰਿਸ਼ਾਂ ਕਾਰਨ ਦੂਜੇ ਪਾਣੀ ਵਿਚ ਦੇਰੀ ਹੋਣ ਦਾ ਖਦਸ਼ਾ ਹੋਵੇ ਤਾਂ ਯੂਰੀਆ ਦੀ ਦੂਜੀ ਕਿਸ਼ਤ ਬਿਜਾਈ ਤੋਂ 55 ਦਿਨਾਂ ਬਾਅਦ ਜ਼ਰੂਰ ਦੇ ਦੇਣੀ ਚਾਹੀਦੀ ਹੈ।
ਹੈਪੀ ਸੀਡਰ ਨਾਲ ਬੀਜੀ ਕਣਕ ਲਈ ਬਿਜਾਈ ਵੇਲੇ 55 ਕਿਲੋ ਡੀ ਏ ਪੀ ਅਤੇ 45 ਕਿਲੋ ਯੂਰੀਏ ਦੀਆਂ ਦੋ ਬਰਾਬਰ ਕਿਸ਼ਤਾਂ ਪਹਿਲੇ ਅਤੇ ਦੂਜੇ ਪਾਣੀ ਤੋਂ ਪਹਿਲਾਂ ਛੱਟੇ ਨਾਲ ਪਾਉਣੀਆਂ ਚਾਹੀਦੀਆਂ ਹਨ ਅਤੇ ਯੂਰੀਆ ਪਾਉਣ ਤੋਂ ਤੁਰੰਤ ਬਾਅਦ ਪਾਣੀ ਲਾ ਦੇਣਾ ਚਾਹੀਦਾ ਹੈ। ਭਾਰੀਆਂ ਜ਼ਮੀਨਾਂ ਵਿੱਚ ਦੂਜਾ ਪਾਣੀ ਦੇਰ ਨਾਲ ਲੱਗਣ ਦੇ ਡਰ ਤੋਂ 33 ਕਿਲੋ ਯੂਰੀਆ ਬਿਜਾਈ ਤੋਂ ਪਹਿਲਾਂ ਅਤੇ ਬਾਕੀ 55 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਪਹਿਲਾ ਛੱਟੇ ਨਾਲ ਪਾਈ ਜਾ ਸਕਦੀ ਹੈ।
ਨਦੀਨ ਪ੍ਰਬੰਧਨ
ਪਛੇਤੀ ਬਿਜਾਈ ਵਾਲੀ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਸਹੀ ਸਮੇਂ ਤੇ ਬੀਜੀ ਕਣਕ ਵਾਲੇ ਤਰੀਕਿਆਂ ਨਾਲ ਹੀ ਕਰਨੀ ਚਾਹੀਦੀ ਹੈ। ਨਦੀਨਾਂ ਦੀ ਵਧੀਆ ਰੋਕਥਾਮ ਲਈ ਸਰਵਪੱਖੀ ਨਦੀਨ ਪ੍ਰਬੰਧਨ ਨੂੰ ਤਰਜੀਹ ਦੇਣੀ ਚਾਹੀਦੀ ਹੈ।
ਸਿੰਚਾਈ ਪ੍ਰਬੰਧਨ
ਜੇਕਰ ਪਿਛਲੀ ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਨਮੀਂ ਦੀ ਮਾਤਰਾ ਕਾਫ਼ੀ ਨਹੀਂ ਹੈ ਤਾਂ ਕਣਕ ਦੀ ਬਿਜਾਈ ਭਰਵੀਂ ਰੌਣੀ ਪਿੱਛੋਂ ਕਰਨੀ ਚਾਹੀਦੀ ਹੈ। ਜੇਕਰ ਬਾਸਮਤੀ ਦੀ ਖੜ੍ਹੀ ਫ਼ਸਲ ਵਿੱਚ, ਜ਼ਮੀਨ ਦੀ ਕਿਸਮ ਅਨੁਸਾਰ ਕਟਾਈ ਤੋਂ 5-10 ਦਿਨ ਪਹਿਲਾਂ ਰੌਣੀ ਕਰ ਦਿੱਤੀ ਜਾਵੇ ਤਾਂ ਕਣਕ ਦੀ ਬਿਜਾਈ ਇੱਕ ਹਫ਼ਤਾ ਪਹਿਲਾਂ ਹੋ ਸਕਦੀ ਹੈ। ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਹਲਕਾ ਅਤੇ ਬਿਜਾਈ ਤੋਂ ਚਾਰ ਹਫ਼ਤੇ ਬਾਅਦ ਦੇਣਾ ਚਾਹੀਦਾ ਹੈ।
ਇਸ ਤੋਂ ਬਾਅਦ, 20 ਦਸੰਬਰ ਤੱਕ ਬੀਜੀ ਫ਼ਸਲ ਨੂੰ ਦੂਜਾ ਪਾਣੀ ਪਹਿਲੇ ਪਾਣੀ ਤੋਂ 5-6 ਹਫ਼ਤੇ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3-4 ਹਫ਼ਤੇ ਬਾਅਦ ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤੇ ਬਾਅਦ ਲਗਾਉਣਾ ਚਾਹੀਦਾ ਹੈ। ਇਸੇ ਤਰਾਂ, 20 ਦਸੰਬਰ ਤੋਂ ਬਾਅਦ ਬੀਜੀ ਕਣਕ ਲਈ ਦੂਜਾ ਪਾਣੀ ਪਹਿਲੇ ਪਾਣੀ ਤੋਂ 4 ਹਫ਼ਤੇ ਬਾਅਦ, ਤੀਜਾ ਪਾਣੀ ਦੂਜੇ ਪਾਣੀ ਤੋਂ 3 ਹਫ਼ਤੇ ਬਾਅਦ ਅਤੇ ਚੌਥਾ ਪਾਣੀ ਤੀਜੇ ਪਾਣੀ ਤੋਂ 2 ਹਫ਼ਤੇ ਬਾਅਦ ਲਗਾਉਣਾ ਚਾਹੀਦਾ ਹੈ। ਪੰਜ ਦਸੰਬਰ ਤੋਂ ਬਾਅਦ ਬੀਜੀਗਈ ਫ਼ਸਲ ਨੂੰ 10 ਅਪ੍ਰੈਲ ਤੱਕ ਪਾਣੀ ਲਾਉਣੇ ਚਾਹੀਦੇ ਹਨ।
Summary in English: Special recommendations by PAU for late sown wheat, tips given to farmers for higher yield