1. Home
  2. ਖੇਤੀ ਬਾੜੀ

Straw Management: ਕਿਸਾਨ ਵੀਰੋਂ ਪਰਾਲੀ ਅਤੇ ਤੂੜੀ ਦੀ ਸੁਚੱਜੀ ਵਰਤੋਂ ਕਰਕੇ ਕਰੋ ਢਿੰਗਰੀ ਅਤੇ ਸ਼ਿਟਾਕੀ ਖੁੰਬ ਦੀ ਸਫਲ ਕਾਸ਼ਤ, ਹੋਵੇਗੀ ਲੱਖਾਂ ਵਿੱਚ ਕਮਾਈ

ਵਾਤਾਵਰਣ ਨੂੰ ਬਚਾਉ, ਕਿਸਾਨ ਵੀਰੋ ਤੂੜੀ ਪਰਾਲੀ ਨਾ ਜਲਾਉ ਇਸ ‘ਤੇ ਕਰ ਕੇ ਖੇਤੀ ਖੁੰਬਾਂ ਦੀ, ਵਧੇਰੇ ਪੈਸਾ ਤੁਸੀਂ ਕਮਾਉ ਜਿਸ ਨਾਲ ਰਹੇ ਆਪਣੀ ਸਿਹਤ ਚੰਗੀ ਤੇ ਮਿੱਟੀ ਵੀ ਹੋਵੇ ਉਪਜਾਉ

Gurpreet Kaur Virk
Gurpreet Kaur Virk
ਪਰਾਲੀ ਅਤੇ ਤੂੜੀ ਦੀ ਸੁਚੱਜੀ ਵਰਤੋਂ ਨਾਲ ਢਿੰਗਰੀ ਅਤੇ ਸ਼ਿਟਾਕੀ ਖੁੰਬ ਦੀ ਸਫਲ ਕਾਸ਼ਤ

ਪਰਾਲੀ ਅਤੇ ਤੂੜੀ ਦੀ ਸੁਚੱਜੀ ਵਰਤੋਂ ਨਾਲ ਢਿੰਗਰੀ ਅਤੇ ਸ਼ਿਟਾਕੀ ਖੁੰਬ ਦੀ ਸਫਲ ਕਾਸ਼ਤ

Dhingri and Shiitake Mushrooms: ਝੋਨੇ ਅਤੇ ਕਣਕ ਦੀ ਕਾਸ਼ਤ ਤੋਂ ਬਾਅਦ, ਪਰਾਲੀ ਅਤੇ ਤੂੜੀ ਦਾ ਸੁਚੱਜਾ ਪ੍ਰਬੰਧਨ ਸਭ ਤੋਂ ਗੰਭੀਰ ਸਮੱਸਿਆ ਹੈ। ਕਿਸਾਨ ਵੀਰਾਂ ਲਈ ਪਰਾਲੀ ਨੂੰ ਸੰਭਾਲਣਾ ਇੱਕ ਸਮੱਸਿਆ ਬਣੀ ਹੋਈ ਹੈ। ਇਸ ਸਮੱਸਿਆ ਦਾ ਇੱਕ ਬਹੁਪੱਖੀ ਹੱਲ ਖੁੰਬਾਂ ਦੀ ਕਾਸ਼ਤ ਹੈ। ਖੁੰਬਾਂ ਦੀ ਕਾਸ਼ਤ ਨਾਲ ਪਰਾਲੀ ਦੀ ਸੰਭਾਲ ਦੇ ਨਾਲ-ਨਾਲ, ਚੰਗਾ ਪੋਸ਼ਟਿਕ ਆਹਾਰ, ਵਾਧੂ ਮੁਨਾਫਾ ਅਤੇ ਖੁੰਬਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਪਾ ਕੇ ਮਿੱਟੀ ਦੀ ਸਿਹਤ ਵਧਾਈ ਜਾ ਸਕਦੀ ਹੈ।

ਪਰਾਲੀ ਨੂੰ ਖੁੰਬ ਘਰ ਬਣਾਉਣ ਅਤੇ ਖੁੰਬਾਂ ਦੀ ਕਾਸ਼ਤ ਦੋਵਾਂ ਵਿੱਚ ਬੜੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ। ਖੁੰਬਾਂ ਦੀ ਕਾਸ਼ਤ ਲਈ ਇੱਕ ਬਾਂਸ ਦੇ ਢਾਂਚੇਂ ੳੱਪਰ ਪਰਾਲੀ ਨਾਲ ਛੱਤ ਅਤੇ ਕੰਧਾਂ ਨਾਲ ਬਣੀ ਝੌਪੜੀ ਵਿੱਚ ਕੀਤੀ ਜਾ ਸਕਦੀ ਹੈ ਜਿਸ ਉਪਰ ਕੁੱਲ 40,000-50,000 ਦਾ ਸ਼ੁਰੂਵਾਤੀ ਨਿਵੇਸ਼ ਹੁੰਦਾ ਹੈ। ਇਸ ਤਰ੍ਹਾ ਤਿਆਰ ਖੁੰਬ ਘਰ ਲਗਭਗ ਤਿੰਨ ਤੋਂ ਚਾਰ ਸਾਲ ਤੱਕ, ਸਾਲਾਨਾ ਪਰਾਲੀ ਬਦਲ ਕੇ ਵਰਤੋਂ ਵਿੱਚ ਲਿਆਇਆ ਜਾ ਸਕਦਾ ਹੈ।

ਇਸ ਦੇ ਨਾਲ-ਨਾਲ ਪਰਾਲੀ ਦੇ ਨਾਲ ਤੂੜੀ ਵਰਤ ਕੇ ਸਰਦ ਰੁੱਤ ਦੀਆਂ ਪੋਸ਼ਟਿਕ ਖੁੰਬਾਂ, ਢਿੰਗਰੀ ਅਤੇ ਸ਼ਿਟਾਕੀ ਉਗਾਈਆਂ ਜਾ ਸਕਦੀਆਂ ਹਨ। ਇਹ ਦੋਵੇਂ ਖੁੰਬਾਂ ਚੰਗੇ ਪ੍ਰੋਟਿਨ, ਐਟੀਆਕਸੀਡੈਂਟ ਅਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਵਿੱਚ ਵਾਧਾ ਕਰਨ ਵਾਲੇ ਤੱਤਾਂ ਨਾਲ ਭਰਪੂਰ ਹਨ। ਇਨ੍ਹਾਂ ਦੀ ਕਾਸ਼ਤ ਦਾ ਸਮਾਂ ਅਤੇ ਢੰਗ ਹੇਠ ਲਿਖੇ ਅਨੁਸਾਰ ਹੈ-

ਢਿੰਗਰੀ ਖੁੰਬ ਦੀ ਕਾਸ਼ਤ

ਢਿੰਗਰੀ ਖੁੰਬ ਨੂੰ ਸਿੱਪੀ ਖੁੰਬ, ੳਸਟਰ ਖੁੰਬ ਅਤੇ ਪੱਤਾ ਖੁੰਬ ਆਦਿ ਨਾਵਾਂ ਨਾਲ ਵੀ ਜਾਣਿਆ ਜਾਦਾਂ ਹੈ। ਇਸ ਦੀ ਬਿਜਾਈ ਲਈ ਅਕਤੂਬਰ ਤੋਂ ਮਾਰਚ ਤੱਕ ਦਾ ਸਮਾਂ ਢੁੱਕਵਾਂ ਹੈ, ਜਿਸ ਦੌਰਾਨ ਢਿੰਗਰੀ ਦੀਆਂ ਤਿੰਨ ਫਸਲਾਂ ਲਈਆਂ ਜਾ ਸਕਦੀਆਂ ਹਨ।ਢਿੰਗਰੀ ਖੁੰਬ ਵੱਖ-ਵੱਖ ਰੰਗਾਂ ਵਿੱਚ ਮਿਲਦੀ ਹੈ, ਜਿਵੇਂ ਕਿ ਚਿੱਟੇ, ਭੂਰੇ, ਗੁਲਾਬੀ, ਪੀਲੇ ਅਤੇ ਸੁਰਮਈ ਰੰਗ। ਇਹ ਖੁੰਬਾਂ ਜਿੰਨੀਆਂ ਦੇਖਣ ਵਿੱਚ ਸੁੰਦਰ ਲੱਗਦੀਆਂ ਹਨ, ਉਨੀਆਂ ਹੀ ਖਾਣ ਵਿੱਚ ਵੀ ਸਵਾਦਲੀਆਂ ਹਨ (ਚਿੱਤਰ 2)। ਇਸ ਖੁੰਬ ਦਾ ਝਾੜ ਬਾਕੀ ਖੁੰਬਾਂ ਨਾਲੋਂ ਵਧੇਰੇ ਹੈ, ਲਗਭਗ ਇੱਕ ਕਿਲੋ ਸੁੱਕੀ ਤੂੜੀ ਵਿੱਚੋਂ 600-700 ਗ੍ਰਾਮ ਤੱਕ ਢਿੰਗਰੀ ਖੁੰਬ ਲਈ ਜਾ ਸਕਦੀ ਹੈ।

• ਕੁਤਰੀ ਪਰਾਲੀ/ਤੂੜੀ (1:1) ਨੂੰ ਸਾਫ ਪਾਣੀ ਨਾਲ 24 ਘੰਟੇ ਲਈ ਚੰਗੀ ਤਰ੍ਹਾ ਗਿੱਲਾ ਕਰੋ

• ਅਗਲੇ ਦਿਨ, ਇਸ ਵਿੱਚੋਂ ਵਾਧੂ ਪਾਣੀ ਬਾਹਰ ਨਿਕਲਣ ਦਿਉ

• ਇਸ ਤੋਂ ਬਾਅਦ, ਗਿੱਲੀ ਪਰਾਲੀ/ਤੂੜੀ ਵਿੱਚ 3% ਖੁੰਬਾਂ ਦੇ ਬੀਜ ਰਲਾਉ

• ਬੀਜ ਰਲੀ ਪਰਾਲੀ/ਤੂੜੀ ਨੂੰ ਮੋਮੀ ਲਿਫਾਫੇ ਵਿੱਚ ਭਰੋ

• ਲਿਫਾਫੇ ਦੇ ਕੋਨੇ ਕੱਟ ਦਿਉ

• ਲਿਫਾਫਿਆਂ ਦੇ ਮੂੰਹ ਸੇਬੇ ਨਾਲ ਬੰਨ ਕੇ ਖੁੰਬ ਘਰ ਵਿੱਚ ਰੱਖ ਦਿੳ

• ਲਗਭਗ 20-25 ਦਿਨਾਂ ਦੇ ਅੰਦਰ, ਲਿਫਾਫਿਆਂ ਵਿੱਚ ਖੁੰਬ ਦਾ ਜਾਲਾ ਫੈਲ ਜਾਵੇਗਾ

• ਮੋਮੀ ਲਿਫਾਫੇ ਲਾਹ ਦਿਉ ਅਤੇ ਰੋਜ ਫੁਹਾਰੇ ਨਾਲ ਪਾਣੀ ਦਿਉ

• ਕੁਝ ਦਿਨਾਂ ਵਿੱਚ, ਸਿੱਪੀ ਦੇ ਆਕਾਰ ਦੀਆਂ ਖੁੰਬਾਂ ਫੁੱਟਣ ਲੱਗਦੀਆਂ ਹਨ

• 4-5 ਦਿਨਾਂ ਵਿੱਚ ਵੱਡੀਆਂ ਹੋਣ ‘ਤੇ ਖੁੰਬ ਤੋੜ ਲਉ

ਇਹ ਵੀ ਪੜ੍ਹੋ: Cultivation of Oilseed Crops: ਕਿਸਾਨ ਵੀਰੋਂ ਪੱਤਝੜ ਰੁੱਤੇ ਕਰੋ ਕਮਾਦ ਵਿੱਚ ਤੇਲ ਬੀਜ ਫ਼ਸਲਾਂ ਦੀ ਕਾਸ਼ਤ, ਵਧੀਆ ਪੈਦਾਵਾਰ ਨਾਲ ਮਿਲੇਗਾ ਤਗੜਾ ਮੁਨਾਫ਼ਾ

ਸ਼ਿਟਾਕੀ ਖੁੰਬ ਦੀ ਕਾਸ਼ਤ

ਸ਼ਿਟਾਕੀ ਖੁੰਬ ਨੂੰ ਲੇਂਟੀਨਸ ਖੁੰਬ ਵੀ ਕਹਿੰਦੇ ਹਨ। ਇਹ ਖੁੰਬ ਵਿਸ਼ਵ ਦੀ ਦੂਜੇ ਨੰਬਰ ਦੀ ਖੁੰਬ ਹੈ ਜੋਕਿ ਆਪਣੇ ਪੋਸ਼ਣ ਅਤੇ ਉਪਚਾਰਕ ਗੁਣਾਂ ਲਈ ਜਾਣੀ ਜਾਂਦੀ ਹੈ। ਇਹ ਖੁੰਬ ਉਮਰ ਦੇ ਵੱਧਣ ਨੂੰ ਰੋਕਦੀ ਹੈ, ਵਿਸ਼ਾਣੂ ਵਿਰੋਧੀ, ਕੈਂਸਰ ਵਿਰੋਧੀ ਆਦਿ ਗੁਣਾਂ ਨਾਲ ਭਰਪੂਰ ਹੋਣ ਦੇ ਨਾਲ ਨਾਲ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਅੰਦਰੂਨੀ ਸ਼ਕਤੀ ਵਧਾਉਂਦੀ ਹੈ। ਇਸ ਦੀ ਕਾਸ਼ਤ ਅਕਤੂਬਰ ਤੋਂ ਅੱਧ ਫਰਵਰੀ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਕਾਸ਼ਤ ਵਿਧੀ ਇਸ ਪ੍ਰਕਾਰ ਹੈ-

• ਕੁਤਰੀ ਤੂੜੀ ਜਾਂ ਲੱਕੜ ਦਾ ਬੁਰਾਦਾ (1:1) ਨੂੰ ਸਾਫ ਪਾਣੀ ਨਾਲ ਪੱਕੇ ਫਰਸ਼ ‘ਤੇ 16-20 ਘੰਟੇ ਲਈ ਗਿੱਲਾ ਕਰੋ

• ਚੋਕਰ ਰਲਾਉ (10% ਗਿੱਲੀ ਪਰਾਲੀ/ਤੂੜੀ ਦੇ ਹਿਸਾਬ ਨਾਲ)

• ਮੋਮੀ ਲਿਫਾਫਿਆਂ (ਪੀ. ਪੀ) ਵਿੱਚ ਮਿਸ਼ਰਣ ਭਰੋ (2 ਕਿਲੋ/ਲਿਫਾਫਾ)

• ਮੋਮੀ ਲਿਫਾਫਿਆਂ ਨੂੰ ਆਟੋਕਲੇਵ ਕਰੋ (1:30 ਘੰਟਾ, 20 ਪੀ. ਐਸ. ਆਈ)

• ਬਿਜਾਈ ਕਰੋ (4% ਗਿੱਲੇ ਮਿਸ਼ਰਣ ਅਨੁਸਾਰ)

• ਲਿਫਾਫਿਆਂ ਨੂੰ ਖੁੰਬ ਘਰ ਵਿੱਚ ਰੱਖ ਦਿੳ (25±2º ਸੈਲਸੀਅਸ, 12 ਘੰਟੇ ਰੋਸ਼ਨੀ)

• ਰੇਸ਼ਾ ਫੈਲਣ ਅਤੇ ਲਿਫਾਫਿਆਂ ਦਾ ਰੰਗ ਭੂਰਾ ਹੋ ਜਾਣ ‘ਤੇ ਲਿਫਾਫੇ ਲਾਹ ਦਿਉ

• ਬਰਫ ਦੇ ਠੰਡੇ ਪਾਣੀ ਵਿੱਚ 5 ਮਿੰਟ ਵਿੱਚ ਡੋਬੋ

• ਲਿਫਾਫਿਆਂ ਨੂੰ ਖੁੰਬ ਘਰ ਵਿੱਚ ਰੱਖ ਦਿੳ (18±2º ਸੈਲਸੀਅਸ, 12-16 ਘੰਟੇ ਰੋਸ਼ਨੀ)

• 14 ਦਿਨਾਂ ਵਿੱਚ ਖੁੰਬਾਂ ਦਿਖਣ ਲੱਗ ਜਾਣਗੀਆਂ ਜਿੰਨਾਂ ਨੂੰ 4-5 ਦਿਨਾਂ ਵਿੱਚ ਤੋੜੀਆਂ ਜਾ ਸਕਦੀਆਂ ਹਨ

ਉਪਰੋਕਤ ਦੱਸੇ ਅਨੁਸਾਰ, ਪਰਾਲੀ ਅਤੇ ਤੂੜੀ ਦੀ ਵਰਤੋਂ ਨਾਲ ਖੁੰਬਾਂ ਉਗਾ ਕੇ ਕਿਸਾਨ ਵੀਰ ਵਾਤਾਵਰਣ ਨੂੰ ਬਚਾਉਣ ਦੇ ਨਾਲ ਨਾਲ ਆਪਣੀ ਆਰਥਿਕਤਾ ਵਿੱਚ ਵੀ ਸੁਧਾਰ ਲਿਆ ਸਕਦੇ ਹਨ। ਖੁੰਬਾਂ ਦੀ ਤੁੜਾਈ ਦੇ ਬਾਅਦ ਵਿੱਚ ਰਹਿੰਦ ਖੂੰਹਦ ਨੂੰ ਡੰਗਰਾਂ ਨੂੰ ਚਾਰੇ ਦੇ ਰੂਪ ਵਿੱਚ ਜਾਂ ਇਸ ਨੂੰ ਮਿੱਟੀ ਵਿੱਚ ਖਾਦ ਦੇ ਰੂਪ ਵਿੱਚ ਰਲਾਇਆ ਜਾ ਸਕਦਾ ਹੈ। ਇਸ ਧੰਦੇ ਦੀ ਕਾਸ਼ਤ ਲਈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਸਮੇਂ- ਸਮੇਂ ‘ਤੇ ਟ੍ਰੇਨਿੰਗ ਕੈਂਪਾਂ ਦਾ ਆਯੌਜਨ ਕਰਦੀ ਰਹਿੰਦੀ ਹੈ ਤਾਂ ਜੋ ਵੱਧ ਤੋ ਵੱਧ ਲੋਕ ਇਸ ਵਿਧੀ ਨਾਲ ਖੇਤੀ ਰਹਿੰਦ ਖੂੰਹਦ ਤੋਂ ਪੈਸਾ ਕਮਾ ਸਕਣ। ਇਸ ਤੌ ਇਲਾਵਾ, ਸੂਖਮਜੀਵ ਵਿਭਾਗ ਵਲੋਂ ਖੁੰਬਾਂ ਦਾ ਬੀਜ (80 ਰੁਪਏ ਪ੍ਰਤੀ ਕਿਲੋ) ਕਿਸਾਨਾਂ ਨੂੰ 30 ਦਿਨਾਂ ਦੀ ਅਗੇਰੀ ਬੁਕਿੰਗ ‘ਤੇ ਮੁਹੱਇਆਂ ਕਰਵਾਇਆ ਜਾਦਾਂ ਹੈ।

ਸਰੋਤ: ਸ਼ਿਵਾਨੀ ਸ਼ਰਮਾ ਅਤੇ ਜਸਪ੍ਰੀਤ ਕੌਰ, ਸੂਖਮਜੀਵ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ

Summary in English: Straw Management: Successful Cultivation of Dhingri and Shiitake Mushrooms by Proper Use of Paddy Straw and Wheat Straw

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters