![ਕਿਸਾਨਾਂ ਲਈ ਧਿਆਨ ਯੋਗ ਗੱਲਾਂ ਕਿਸਾਨਾਂ ਲਈ ਧਿਆਨ ਯੋਗ ਗੱਲਾਂ](https://d2ldof4kvyiyer.cloudfront.net/media/9514/paddy-punjab-farmer.png)
ਕਿਸਾਨਾਂ ਲਈ ਧਿਆਨ ਯੋਗ ਗੱਲਾਂ
ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੇ ਕਿਸਾਨਾਂ ਲਈ ਇੱਕ ਨਵਾਂ ਰਾਹ ਖੋਲ੍ਹ ਦਿੱਤਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਤਕਨੀਕ ਰਾਹੀਂ ਜਿੱਥੇ ਕਿਸਾਨ ਧਰਤੀ ਹੇਠਲੇ ਪਾਣੀ ਦੀ ਬਚਤ ਕਰਨ ਵਿੱਚ ਕਾਮਿਆਬ ਹੋਣਗੇ, ਉੱਥੇ ਹੀ ਸੂਬੇ ਵਿੱਚ ਡਿਗਦੇ ਪਾਣੀ ਦੇ ਪੱਧਰ ਦੇ ਦੋਸ਼ ਨੂੰ ਮਿਟਾਉਣ ਵਿੱਚ ਵੀ ਸਫਲਤਾ ਹਾਸਿਲ ਕਰਣਗੇ। ਅਜਿਹਾ ਤਾਂਹੀ ਸੰਭਵ ਹੈ ਜੱਦ ਪੰਜਾਬ ਦੇ ਸਾਰੇ ਕਿਸਾਨ ਭਰਾ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜਨ।
ਜੇਕਰ ਅਸੀਂ ਝੋਨੇ ਦੀ ਫਸਲ ਦੀ ਗੱਲ ਕਰੀਏ ਤਾਂ ਇਸ ਦੇ ਰੋਪਣ ਕਾਰਨ ਜ਼ਮੀਨ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ, ਜਿਸਦੇ ਨਤੀਜੇ ਵਜੋਂ ਉੱਪਰੀ ਜ਼ਮੀਨ ਅਤੇ ਫਸਲ ਨੂੰ ਨੁਕਸਾਨ ਹੁੰਦਾ ਹੈ। ਝੋਨੇ ਦੀ ਸਿੱਧੀ ਬਿਜਾਈ ਨਾਲ ਪਨੀਰੀ ਅਤੇ ਕੱਦੂ ਕਰਨ ਦਾ ਕੰਮ ਅਤੇ ਮਿੱਟੀ ਦਾ ਨੁਕਸਾਨ ਘੱਟ ਜਾਂਦਾ ਹੈ। ਅੱਜ ਅੱਸੀ ਆਪਣੇ ਕਿਸਾਨ ਭਰਾਵਾਂ ਨੂੰ ਦੱਸਾਂਗੇ ਕਿ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਚਲਾਉਣ ਵੇਲੇ ਕਿੰਨਾ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ, ਆਪਣੇ ਕਿਸਾਨ ਭਰਾਵਾਂ ਨਾਲ ਐਗਰੋਮੇਟ ਵੱਲੋਂ ਦਿੱਤੇ ਸੁਝਾਵ ਵੀ ਸਾਂਝੇ ਕਰਾਂਗੇ।
ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਚਲਾਉਣ ਵੇਲੇ ਧਿਆਨ ਯੋਗ ਗੱਲਾਂ
1. ਬਿਜਾਈ ਵਾਲਾ ਖੇਤ ਲੇਜਰ ਲੈਵਲ ਕਰਨ ਤੋਂ ਬਾਅਦ ਰੌਣੀ ਕਰਕੇ ਤਿਆਰ ਕੀਤਾ ਹੋਵੇ। ਸਿੱਧੀ ਬਿਜਾਈ ਤਰ-ਵੱਤਰ ਖੇਤ ਵਿੱਚ ਕੀਤੀ ਜਾਵੇ।
2. ਖੇਤ ਤਿਆਰ ਕਰਨ ਤੋਂ ਬਾਅਦ ਲੱਕੀ ਸੀਡ ਡਰਿੱਲ ਨਾਲ ਬਿਜਾਈ ਕਰਨ ਨੂੰ ਤਰਜ਼ੀਹ ਦਿੱਤੀ ਜਾਵੇ, ਜੋ ਕਿ ਨਦੀਨਨਾਸ਼ਕ ਦੀ ਸਪਰੇਅ ਵੀ ਨਾਲੋ-ਨਾਲ ਕਰਦੀ ਹੈ। ਜੇਕਰ ਇਹ ਮਸ਼ੀਨ ਉਪਲਬਧ ਨਾ ਹੋਵੇ ਤਾਂ ਟੇਢੀਆਂ ਪਲੇਟਾਂ ਵਾਲੀ ਮਸ਼ੀਨ ਵਰਤੀ ਜਾਵੇ।
3. ਮਸ਼ੀਨ ਚਲਾਉਣ ਤੋਂ ਪਹਿਲਾਂ ਗਰਾਰੀਆਂ ਦੇ ਨਾਲ ਬੈਰਿੰਗਾਂ ਨੂੰ ਵੀ ਗਰੀਸ ਕਰ ਦਿਓ।
4. ਮਸ਼ੀਨ ਚਲਾਉਣ ਤੋਂ ਪਹਿਲਾਂ ਟੇਢੀਆਂ ਪਲੇਟਾਂ ਦੀ ਸੈਟਿੰਗ ਚੈੱਕ ਕਰ ਲਉ, ਤਾਂ ਕਿ ਇਹ ਅਸੈਂਬਲੀ ਵਿੱਚ ਚੰਗੀਂ ਤਰਾਂ ਬੈਠੀਆਂ ਹੋਣ। ਪਲੇਟਾਂ ਢਿਲੀਆਂ ਹੋਣ ਤੇ ਦਾਣੇ ਪਲੇਟਾਂ ਦੇ ਪਿੱਛੇ ਚਲੇ ਜਾਂਦੇ ਹਨ। ਜਿਸ ਨਾਲ ਮਸੀਨ ਸਹੀ ਤਹੀਕੇ ਨਾਲ ਦਾਣੇ ਨਹੀਂ ਕੇਰਦੀ ਅਤੇ ਦਾਣੇ ਟੁੱਟਦੇ ਵੀ ਹਨ ਅਤੇ ਬੀਜ ਦਾ ਪੁੰਗਾਰ ਘਟਦਾ ਹੈ।
5. ਮਸ਼ੀਨ ਦੇ ਫਾਲਿਆਂ ਵਿਚਲੀ ਦੂਰੀ 20 ਸੈਂਟੀਮੀਟਰ ਰੱਖੋ।
6. ਟਰੈਕਟਰ ਦੇ ਪਿੱਛੇ ਮਸ਼ੀਨ ਪਾ ਕੇ ਲਿਫਟ ਨਾਲ ਚੁੱਕੋ ਅਤੇ ਦੋਨੋਂ ਪਾਸਿਆਂ ਦੀ ਇਕਸਾਰਤਾ ਦੇਖੋ। ਜੇਕਰ ਦੋਨਾਂ ਪਾਸਿਆਂ ਤੋਂ ਮਸ਼ੀਨ ਇੱਕ ਲੈਵਲ 'ਤੇ ਨਹੀਂ ਹੈ ਤਾਂ ਟਰੈਕਟਰ ਦੀ ਨੀਚੇ ਵਾਲੀ ਐਡਜਸਟੇਬਲ ਲਿੰਕ ਨਾਲ ਇਕਸਾਰ ਕਰ ਲਓ।
7. ਇਸੇ ਤਰ੍ਹਾਂ ਹੀ ਅਗਲੇ ਅਤੇ ਪਿਛਲੇ ਫਾਲਿਆਂ ਦੀ ਇਕਸਾਰਤਾ ਦੇਖੋ ਅਤੇ ਉਨ੍ਹਾਂ ਨੂੰ ਇੱਕੋ ਪੱਧਰ 'ਤੇ ਕਰਨ ਲਈ ਉਪੱਰਲੇ ਲਿੰਕ ਦੀ ਮਦਦ ਲਓ।
8. ਮਸ਼ੀਨ ਦੇ ਦੋਨੋਂ ਤਰਫ਼ ਡੁੰਗਾਈ ਨੂੰ ਨਿਯੰਤਰ ਕਰਨ ਲਈ ਲੱਗੇ ਪਹੀਆਂ ਦੀ ਮਦਦ ਨਾਲ ਬੀਜ ਦੀ ਡੁੰਗਾਈ ਇੱਕ ਤੋਂ ਸਵਾ ਇੰਚ 'ਤੇ ਸੈੱਟ ਕਰੋ। ਡੁੰਗਾਈ ਜ਼ਿਆਦਾ ਕਰਨ ਲਈ ਪਹੀਆਂ ਨੂੰ ਉੱਪਰ ਚੁੱਕ ਦਿਓ ਅਤੇ ਡੁੰਗਾਈ ਘੱਟ ਕਰਨ ਲਈ ਪਹੀਏ ਨੀਵੇਂ ਕਰ ਲਓ।
9. ਸੁੱਕੀ ਬਿਜਾਈ ਕਰਦੇ ਸਮੇਂ ਬੀਜ ਦੀ ਡੁੰਗਾਈ ਅੱਧਾ ਤੋਂ ਪੌਣਾ ਇੰਚ ਤੇ ਸੈੱਟ ਕਰੋ।
10. ਟਰੈਕਟਰ ਦੇ ਦੋਨੋਂ ਟਾਇਰਾਂ ਦੇ ਪਿੱਛੇ ਚੱਲਣ ਵਾਲੇ ਫਾਲਿਆਂ ਨੂੰ ਬਾਕੀ ਫਾਲਿਆਂ ਤੋਂ (ਫਾਲੇ ਹੇਠਾਂ ਬਿੱਟ ਲਗਾ ਕੇ) ਅੱਧਾ ਤੋਂ ਪੌਣਾ ਇੰਚ ਨੀਵਾਂ ਕਰ ਲਵੋ।
11. ਬੀਜ ਦੀ ਮਿਕਦਾਰ ਵੱਧ-ਘੱਟ ਕਰਨ ਲਈ ਬੀਜ ਬਕਸੇ ਦੇ ਇੱਕ ਪਾਸੇ ਲੱਗੇ ਚੇਨਕਵਰ ਨੂੰ ਖੋਲੋ। ਬੀਜ ਘੱਟ ਕੇਰਨ ਲਈ ਬੀਜ ਬਕਸੇ ਦੀ ਗਰਾਰੀ ਨੂੰ ਵੱਧ ਦੰਦਿਆਂ ਵਾਲੀ ਗਰਾਰੀ ਨਾਲ ਬਦਲੋ। ਜੇਕਰ ਬੀਜ ਵੱਧ ਕੇਰਨਾ ਹੈ ਤਾਂ ਓਥੇ ਘੱਟ ਦੰਦਿਆਂ ਵਾਲੀ ਗਰਾਰੀ ਲਗਾ ਦਿਓ।
12. ਜੇਕਰ ਬੀਜ ਦੇ ਕੇਰ ਨੂੰ ਥੋੜੀ ਮਾਤਰਾ ਵਿੱਚ ਵੱਧ-ਘੱਟ ਕਰਨਾ ਹੋਵੇ ਤਾਂ ਉਸ ਲਈ ਬੀਜ ਬਕਸੇ ਦੇ ਦੋਨੋਂ ਪਾਸੇ ਛੇਕ ਵਾਲੀਆਂ ਪੱਤੀਆਂ ਲੱਗੀਆਂ ਹਨ। ਬੀਜ ਦਾ ਕੇਰ ਘੱਟ ਕਰਨ ਲਈ ਪੱਤੀਆਂ ਵਿੱਚੋਂ ਬੋਲਟ ਕੱਢ ਕੇ ਬੀਜ ਵਾਲਾ ਬਕਸਾ ਪਿੱਛੇ ਕਰ ਲਓ ਅਤੇ ਉਸ ਜਗ੍ਹਾ ਪੱਤੀ ਦੇ ਛੇਕਾਂ ਵਿੱਚ ਬੋਲਟ ਪਾ ਕੇ ਨਟ ਕਸ ਦਿਓ। ਬੀਜ ਦਾ ਕੇਰ ਵੱਧ ਕਰਨ ਲਈ ਇਸ ਤਰੀਕੇ ਨਾਲ ਹੀ ਬੀਜ ਵਾਲਾ ਬਕਸਾ ਅੱਗੇ ਕਰ ਦਿਓ।
13. ਮਸ਼ੀਨ ਚਲਾਉਂਦੇ ਸਮੇਂ ਟਰੈਕਟਰ ਦੀ ਰਫਤਾਰ 3 ਤੋਂ 5 ਕਿਲੋਮੀਟਰ ਪ੍ਰਤੀ ਘੰਟਾ ਰੱਖੋ।
14. ਲੱਕੀ ਸੀਡ ਡਰਿੱਲ ਦੇ ਟੈਂਕ ਵਿੱਚ ਲੱਗੇ ਫਿਲਟਰ ਨੂੰ ਰੋਜ਼ਾਨਾ ਸਾਫ ਕਰੋ ਅਤੇ ਨੋਜ਼ਲਾਂ ਦੇ ਫਿਲਟਰ ਵੀ ਰੋਜ਼ ਸਾਫ ਕਰੋ। ਬਿਜਾਈ ਖਤਮ ਹੋਣ 'ਤੇ ਬੀਜ ਬਕਸੇ ਵਿੱਚੋਂ ਪਲੇਟਾਂ ਕੱਢ ਕੇ ਬੀਜ ਬਕਸੇ ਵਿੱਚ ਗਰੀਸ ਲਗਾ ਦਿਓ ਅਤੇ ਪਸਤੌਲਾਂ ਨੂੰ ਧੋ ਕੇ ਤੇਲ ਲਗਾ ਦਿਓ।
ਇਹ ਵੀ ਪੜ੍ਹੋ: ਪਾਣੀ, ਬਿਜਲੀ ਅਤੇ ਮਜਦੂਰੀ ਦੀ ਬਚਤ ਲਈ ਅਪਣਾਓ ਝੋਨੇ ਦੀ ਸਿੱਧੀ ਬਿਜਾਈ!
ਐਗਰੋਮੇਟ ਵੱਲੋਂ ਕਿਸਾਨਾਂ ਨੂੰ ਸਲਾਹ
-ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਸਾਉਣੀ ਦੇ ਸੀਜ਼ਨ ਲਈ ਖੇਤ ਤਿਆਰ ਕਰਨ।
-ਪਾਣੀ ਦੀ ਬੱਚਤ ਕਰਨ ਅਤੇ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਵਿੱਚ ਆਸਾਨੀ ਲਈ ਪੀਏਯੂ ਦੀਆਂ ਸਿਫ਼ਾਰਸ਼ ਕੀਤੀਆਂ ਘੱਟ ਮਿਆਦ ਵਾਲੀਆਂ ਕਿਸਮਾਂ ਨੂੰ ਤਰਜੀਹ ਦਿਓ।
-ਪਾਣੀ ਬਚਾਉਣ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਅਪਣਾਓ।
-ਰੂਟ-ਨੌਟ ਨਿਮਾਟੋਡ ਦੇ ਪ੍ਰਬੰਧਨ ਲਈ ਰਾਊਣੀ ਤੋਂ ਬਾਅਦ ਆਖਰੀ ਤਿਆਰੀ ਵਾਲੀ ਵਾਢੀ ਦੀ ਕਾਰਵਾਈ ਦੇ ਨਾਲ ਨਰਸਰੀ ਦੀ ਬਿਜਾਈ ਤੋਂ 10 ਦਿਨ ਪਹਿਲਾਂ ਸਰ੍ਹੋਂ ਦੀ ਖੱਲ @ 40 ਗ੍ਰਾਮ ਪ੍ਰਤੀ ਵਰਗ ਮੀਟਰ ਵਰਤੋਂ।
Summary in English: Things to consider when operating a direct sowing machine of paddy!