![74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ 74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ](https://d2ldof4kvyiyer.cloudfront.net/media/13627/dsc_3630.jpg)
74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ
ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ (Guru Angad Dev Veterinary and Animal Sciences University) ਵਿਖੇ 74ਵਾਂ ਗਣਤੰਤਰ ਦਿਵਸ ਬੜੇ ਚਾਅ ਅਤੇ ਉਤਸਾਹ ਨਾਲ ਮਨਾਇਆ ਗਿਆ। ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਇਸ ਸਮਾਗਮ ਦੇ ਮੁੱਖ ਮਹਿਮਾਨ ਸਨ। ਇਸ ਮੌਕੇ ਉਨ੍ਹਾਂ ਨੇ ਸਾਰਿਆਂ ਨੂੰ 74ਵੇਂ ਗਣਤੰਤਰ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕੌਮੀ ਝੰਡਾ ਲਹਿਰਾਇਆ।
![74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ 74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ](https://d2ldof4kvyiyer.cloudfront.net/media/13629/ncc-cadets-copy.jpg)
74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ
ਸਮਾਗਮ ਦੌਰਾਨ ਡਾ. ਇੰਦਰਜੀਤ ਸਿੰਘ ਨੇ ਭਾਰਤੀ ਗਣਤੰਤਰ ਦੀ ਮਹੱਤਤਾ ਅਤੇ ਭਾਵਨਾ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਮੁਲਕ ਦੀ ਖੁਸ਼ਹਾਲੀ ਅਤੇ ਵਿਕਾਸ ਵਿਚ ਲੋਕਤੰਤਰੀ ਕੀਮਤਾਂ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ।ਇਸ ਮੌਕੇ `ਤੇ ਡਾ. ਸਤਿਆਵਾਨ ਰਾਮਪਾਲ, ਨਿਰਦੇਸ਼ਕ ਵਿਦਿਆਰਥੀ ਭਲਾਈ ਵੀ ਉਨ੍ਹਾਂ ਦੇ ਹਮਕਦਮ ਸਨ।ਸਾਰੇ ਸਮਾਰੋਹ ਦਾ ਸੰਯੋਜਨ ਨਿਰਦੇਸ਼ਾਲਾ ਵਿਦਿਆਰਥੀ ਭਲਾਈ ਵਲੋਂ ਕੀਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਪਿਛਲੇ ਵਰ੍ਹੇ ਦੌਰਾਨ ਯੂਨੀਵਰਸਿਟੀ ਨੇ ਪੇਸ਼ੇਵਰ ਮੁਹਾਰਤ ਸੰਬੰਧੀ ਦੁਵੱਲੇ ਤਬਾਦਲੇ ਅਧੀਨ 20 ਤੋਂ ਵਧੇਰੇ ਸਮਝੌਤਾ ਪੱਤਰਾਂ ’ਤੇ ਸਹੀ ਪਾਈ। ਯੂਨੀਵਰਸਿਟੀ ਨੇ ਤਿੰਨ ਪੇਟੈਂਟ ਪ੍ਰਾਪਤ ਕੀਤੇ ਅਤੇ ਤਕਨਾਲੋਜੀ ਤਬਾਦਲੇ ਵਿਚ ਦੋ ਤਕਨਾਲੋਜੀਆਂ ਵੱਖਰੀਆਂ-ਵੱਖਰੀਆਂ ਸੰਸਥਾਵਾਂ ਨੂੰ ਪ੍ਰਦਾਨ ਕੀਤੀਆਂ।
ਇਹ ਵੀ ਪੜ੍ਹੋ : National Conference: ਗਡਵਾਸੂ ਦੇ ਖੋਜਾਰਥੀ ਰਾਸ਼ਟਰੀ ਕਾਨਫਰੰਸ ਵਿੱਚ ਹੋਏ ਸਨਮਾਨਿਤ
![74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ 74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ](https://d2ldof4kvyiyer.cloudfront.net/media/13625/dr-inderjeet-singh-vc-addressing-1.jpg)
74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ
ਯੂਨੀਵਰਸਿਟੀ ਦੇ ਪਸ਼ੂਧਨ ਫਾਰਮਜ਼ ਨਿਰਦੇਸ਼ਾਲੇ ਵੱਲੋਂ ਬਿਹਤਰ ਉਪਰਾਲਿਆਂ ਨਾਲ ਸਾਰੀਆਂ ਪਸ਼ੂਧਨ ਕਿਸਮਾਂ ਦੇ ਉਤਪਾਦਨ ਵਿਚ 30 ਤੋਂ 50 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ਯੂਨੀਵਰਸਿਟੀ ਅਤੇ ਕਾਰਜਸ਼ੀਲ ਕ੍ਰਿਸ਼ੀ ਵਿਗਿਆਨ ਕੇਂਦਰਾਂ ਰਾਹੀਂ ਪਸਾਰ ਸਿੱਖਿਆ ਦੇਣ ਵਿਚ ਜ਼ਿਕਰਯੋਗ ਕਾਰਜ ਕੀਤਾ। ਪਸਾਰ ਹਿਤ ਅਤੇ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਦੇਣ ਲਈ ਤਿੰਨ ਨਵੇਂ ਕਿਸਾਨ ਉਤਪਾਦਕ ਸੰਗਠਨ ਵੀ ਸਥਾਪਿਤ ਕੀਤੇ।
ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਨੇ ਵਿਸ਼ਾਣੂ ਬਿਮਾਰੀਆਂ ’ਤੇ ਕਾਬੂ ਪਾਉਣ ਲਈ ਰਾਸ਼ਟਰੀ ਪੱਧਰ ’ਤੇ ਤਿੰਨ ਨੀਤੀ ਪੱਤਰ ਤਿਆਰ ਕਰਕੇ ਪੇਸ਼ ਕੀਤੇ। ਯੂਨੀਵਰਸਿਟੀ ਵਿਖੇ ਕੰਮ ਕਰ ਰਹੀ ਕੋਰੋਨਾ ਨਿਰੀਖਣ ਪ੍ਰਯੋਗਸ਼ਾਲਾ ਰਾਹੀਂ ਹੁਣ ਤਕ 6.5 ਲੱਖ ਤੋਂ ਵਧੇਰੇ ਕੋਰੋਨਾ ਟੈਸਟ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ : GADVASU International Conference: ਪਸ਼ੂਆਂ ਦੀਆਂ ਜਾਤੀਆਂ ’ਤੇ ਆਧਾਰਿਤ ਖੁਰਾਕ ਸੰਬੰਧੀ ਚਰਚਾ
![74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ 74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ](https://d2ldof4kvyiyer.cloudfront.net/media/13628/group-photo-of-awardees-copy.jpg)
74ਵੇਂ ਗਣਤੰਤਰ ਦਿਹਾੜੇ ਮੌਕੇ ਗਡਵਾਸੂ ਵਿਖੇ ਜਸ਼ਨ
ਵਿਦਿਆਰਥੀ ਭਲਾਈ ਨਿਰਦੇਸ਼ਾਲੇ ਵਲੋਂ ਯੁਵਕ ਮੇਲਾ, ਅਲੂਮਨੀ ਮੀਟ, ਹਾਸਟਲ ਨਾਈਟ ਅਤੇ ਹੋਰ ਕਈ ਖੇਡ ਅਤੇ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਯੂਨੀਵਰਸਿਟੀ ਵਿਖੇ ਇਮਾਰਤ ਉਸਾਰੀ, ਕੈਂਪਸ ਸੁੰਦਰੀਕਰਨ ਅਤੇ ਵਾਤਾਵਰਣ ਬਿਹਤਰੀ ਲਈ ਕਈ ਪ੍ਰਾਜੈਕਟ ਆਰੰਭੇ ਗਏ ਹਨ ਜੋ ਸਫ਼ਲਤਾਪੂਰਵਕ ਚੱਲ ਰਹੇ ਹਨ। ਰਜਿਸਟਰਾਰ ਦਫ਼ਤਰ ਨੇ ਯੂਨੀਵਰਸਿਟੀ ਦੀ ਕਨਵੋਕੇਸ਼ਨ ਬਹੁਤ ਸੁਚਾਰੂ ਢੰਗ ਨਾਲ ਕਰਵਾਈ।
ਸੰਸਥਾ ਵਿਕਾਸ ਯੋਜਨਾ ਤਹਿਤ ਯੂਨੀਵਰਸਿਟੀ ਦੇ ਅਕਾਦਮਿਕ ਆਧਾਰਭੂਤ ਢਾਂਚੇ ਨੂੰ ਬਿਹਤਰ ਕਰਨ ਅਤੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਮਾਹਿਰਾਂ ਨੂੰ ਯੂਨੀਵਰਸਿਟੀ ਵਿਖੇ ਲੈਕਚਰ ਦੇਣ ਹਿਤ ਬੁਲਾਉਣ ਸੰਬੰਧੀ ਉੱਘਾ ਕੰਮ ਹੋ ਰਿਹਾ ਹੈ। ਕਾਲਜ ਆਫ ਫ਼ਿਸ਼ਰੀਜ਼ ਵਿਖੇ ਘਣੀ ਜਲ ਖੇਤੀ ਤਕਨਾਲੋਜੀ ਲਈ ਸਮਰੱਥਾ ਨਿਰਮਾਣ ਸਰੋਤ ਕੇਂਦਰ ਆਰੰਭ ਕੀਤਾ ਗਿਆ।
ਇਹ ਵੀ ਪੜ੍ਹੋ : ਗਡਵਾਸੂ ਵੱਲੋਂ ਸ਼ਿਲਾਘਯੋਗ ਉਪਰਾਲਾ, ਕਿਸਾਨਾਂ ਦੀ ਆਮਦਨ ਵਧਾਉਣ 'ਚ ਕਾਰਜਸ਼ੀਲ ਤੱਥਾਂ ਬਾਰੇ ਜਾਣਕਾਰੀ
ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ ਵੀ ਵੈਟਨਰੀ ਸਿੱਖਿਆ ਦੇਣ ਲਈ ਜ਼ਿਕਰਯੋਗ ਯੋਗਦਾਨ ਪਾ ਰਿਹਾ ਹੈ। ਸੱਪਾਂਵਾਲੀ (ਫ਼ਾਜ਼ਿਲਕਾ) ਵਿਖੇ ਪਸ਼ੂ ਹਸਪਤਾਲ ਉਸਾਰੀ ਦਾ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੇ ਕਈ ਵਿਤੀ ਸੰਸਥਾਵਾਂ ਤੋਂ ਖੋਜ ਪ੍ਰਾਜੈਕਟ ਪ੍ਰਾਪਤ ਕੀਤੇ ਹਨ ਜਿੰਨ੍ਹਾਂ ਨਾਲ ਸਾਡੇ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਡਾ. ਸਿੰਘ ਨੇ ਇਹ ਗੱਲ ਵੀ ਜ਼ੋਰ ਦੇ ਕੇ ਆਖੀ ਕਿ ਪੇਂਡੂ ਖੇਤਰ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਯੂਨੀਵਰਸਿਟੀ ਦੇ ਕੋਰਸਾਂ ਵਿਚ ਦਾਖਲਾ ਲੈਣਾ ਚਾਹੀਦਾ ਹੈ ਅਜੇ ਇਹ ਗਿਣਤੀ ਸਿਰਫ 44 ਪ੍ਰਤੀਸ਼ਤ ਦੇ ਕਰੀਬ ਹੈ ਜੋ ਕਿ ਵੱਧਣੀ ਲੋੜੀਂਦੀ ਹੈ।
ਉਨ੍ਹਾਂ ਨੇ ਯੂਨੀਵਰਸਿਟੀ ਵਾਸਤੇ ਉੱਘਾ ਵਿਦਿਅਕ ਤੇ ਖੋਜ ਯੋਗਦਾਨ ਪਾਉਣ ਵਾਲੇ ਅਤੇ ਨਵੀਆਂ ਪ੍ਰਾਪਤੀਆਂ ਦੇ ਸਿਰਜਣਹਾਰ ਅਧਿਆਪਕਾਂ ਨੂੰ ਯੂਨੀਵਰਸਿਟੀ ਦੇ ਅਫ਼ਸਰਾਂ ਦੀ ਮੌਜੂਦਗੀ ਵਿਚ ਸਨਮਾਨਿਤ ਕੀਤਾ। ਡਾ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ, ਕਰਮਚਾਰੀਆਂ ਅਤੇ ਅਧਿਆਪਕਾਂ ਨੂੰ ਹੋਰ ਮਿਹਨਤ ਅਤੇ ਸਮਰਪਣ ਭਾਵ ਨਾਲ ਦੇਸ਼ ਦੀ ਤਰੱਕੀ ਲਈ ਯੋਗਦਾਨ ਪਾਉਣ ਵਾਸਤੇ ਪ੍ਰੇਰਿਆ। ਸਮਾਰੋਹ ਵਿੱਚ ਯੂਨੀਵਰੀਸਟੀ ਦੇ ਅਧਿਕਾਰੀ, ਅਧਿਆਪਕ, ਮੁਲਾਜ਼ਮ ਅਤੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ।
Summary in English: 74th Republic Day celebrated with Good Vibes at GADVASU