![ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਪ੍ਰੋਗਰਾਮ ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਪ੍ਰੋਗਰਾਮ](https://d2ldof4kvyiyer.cloudfront.net/media/11343/18sept4.jpg)
ਝੋਨੇ ਦੀ ਪਰਾਲੀ ਪ੍ਰਬੰਧਨ ਸਬੰਧੀ ਜਾਗਰੂਕਤਾ ਪ੍ਰੋਗਰਾਮ
ਕ੍ਰਿਸ਼ੀ ਵਿਗਿਆਨ ਕੇਂਦਰ (KVK) ਉਜਵਾ ਨਵੀਂ ਦਿੱਲੀ ਵੱਲੋਂ ਪਿੰਡ ਸਾਰੰਗਪੁਰ (ਨਫਜਗੜ੍ਹ ਬਲਾਕ) ਵਿਖੇ ਇੱਕ ਬਲਾਕ ਪੱਧਰੀ ਕਿਸਾਨ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ ਭਾਰਤ ਸਰਕਾਰ ਦੇ ਅਭਿਲਾਸ਼ੀ ਪ੍ਰੋਜੈਕਟ, "ਫਸਲਾਂ ਦੀ ਰਹਿੰਦ-ਖੂੰਹਦ ਦਾ ਇਨ-ਸੀਟੁ ਪ੍ਰਬੰਧਨ" ਦੇ ਤਹਿਤ ਕਰਾਇਆ ਗਿਆ ਸੀ।
ਪ੍ਰੋਗਰਾਮ ਦਾ ਮੁੱਖ ਮੰਤਵ:
ਇਸ ਪ੍ਰੋਗਰਾਮ ਦਾ ਮੁੱਖ ਮੰਤਵ ਕਿਸਾਨਾਂ ਨੂੰ ਪਰਾਲੀ ਸੰਭਾਲਣ ਵਾਲੀਆਂ ਮਸ਼ੀਨਾਂ ਬਾਰੇ ਤਕਨੀਕੀ ਗਿਆਨ ਤੋਂ ਜਾਣੂ ਕਰਵਾਉਣਾ ਸੀ, ਤਾਂ ਜੋ ਕਿਸਾਨ ਨਵੀਆਂ ਮਸ਼ੀਨਾਂ ਦੀ ਵਰਤੋਂ ਕਰਕੇ ਪਰਾਲੀ ਦਾ ਪ੍ਰਬੰਧਨ ਕਰ ਸਕਣ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਕਿਸਾਨਾਂ ਨੂੰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਦੇ ਨੁਕਸਾਨ, ਮਸ਼ੀਨਾਂ ਰਾਹੀਂ ਫ਼ਸਲਾਂ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਤੇ ਜ਼ੀਰੋ ਸੀਡ ਡਰਿੱਲ ਮਸ਼ੀਨ ਤਕਨੀਕ ਨਾਲ ਕਣਕ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਮੈਗਜ਼ੀਨਾਂ ਵੰਡੀਆਂ ਗਈਆਂ।ਇਸ ਪ੍ਰੋਗਰਾਮ `ਚ 60 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ ਤੇ ਇਸ ਸੰਦੇਸ਼ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਪ੍ਰਣ ਲਿਆ।
ਵੱਖੋ-ਵੱਖਰੇ ਮਾਹਿਰਾਂ ਦੀ ਸਿਖਲਾਈ:
ਡਾ. ਡੀ.ਕੇ.ਰਾਣਾ, ਸਪੈਸ਼ਲਿਸਟ (ਪੌਦ ਸੁਰੱਖਿਆ) ਨੇ ਇਸ ਜਾਗਰੂਕਤਾ ਪ੍ਰੋਗਰਾਮ ਦੀ ਸ਼ੁਰੂਆਤ `ਚ ਹਾਜ਼ਰ ਕਿਸਾਨਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਇਸ ਪ੍ਰੋਜੈਕਟ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਬਾਇਓ-ਡੀਕੰਪੋਜ਼ਰ ਘੋਲ ਬਨਾਉਣ ਤੇ ਪਰਾਲੀ ਦੇ ਪ੍ਰਬੰਧਨ ਲਈ ਸਪਰੇਅ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ।
ਕੈਲਾਸ਼, ਸਪੈਸ਼ਲਿਸਟ (ਖੇਤੀਬਾੜੀ ਵਿਸਥਾਰ) ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਸਮੇਂ ਕੰਬਾਈਨ ਨਾਲ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਬਾਰੇ ਜਾਣਕਾਰੀ ਦਿੱਤੀ ਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨਾਲ ਝੋਨੇ ਦੀ ਕਟਾਈ ਕਰਨ। ਉਨ੍ਹਾਂ ਨੇ ਕਿਸਾਨਾਂ ਨੂੰ ਝੋਨੇ ਦੀ ਕਟਾਈ ਤੋਂ ਬਾਅਦ ਹੈਪੀ ਸੀਡਰ, ਸੁਪਰ ਸੀਡਰ ਤੇ ਜ਼ੀਰੋ ਸੀਡ ਡਰਿੱਲ ਮਸ਼ੀਨ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਦੀ ਤਕਨੀਕ ਬਾਰੇ ਜਾਣਕਾਰੀ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਮਲਚਰ ਵਰਗੀਆਂ ਹੋਰ ਮਸ਼ੀਨਾਂ ਜਿਵੇਂ ਰੋਟਾ ਵੇਟਰ, ਸਰਬਮਾਸ੍ਟਰ, ਬੇਲਰ ਆਦਿ ਬਾਰੇ ਤਕਨੀਕੀ ਤੇ ਕਾਰਜਸ਼ੀਲ ਜਾਣਕਾਰੀ ਪ੍ਰਦਾਨ ਕੀਤੀ।
ਇਹ ਵੀ ਪੜ੍ਹੋ : ਵੈਟਨਰੀ ਯੂਨੀਵਰਸਿਟੀ 23 ਅਤੇ 24 ਸਤੰਬਰ ਨੂੰ ਕਰਵਾਏਗੀ "ਪਸ਼ੂ ਪਾਲਣ ਮੇਲਾ"
ਰਾਕੇਸ਼ ਕੁਮਾਰ ਸਪੈਸ਼ਲਿਸਟ (ਬਾਗਬਾਨੀ) ਨੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਨਾਲ ਮਿੱਟੀ ਤੇ ਵਾਤਾਵਰਨ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪਰਾਲੀ ਸਾੜਨ ਨਾਲ ਹਵਾ ਪ੍ਰਦੂਸ਼ਣ, ਜਲਵਾਯੂ ਪਰਿਵਰਤਨ ਤੇ ਮਿੱਟੀ ਦੇ ਪੌਸ਼ਟਿਕ ਤੱਤ ਜਿਵੇਂ ਕਿ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਗੰਧਕ ਤੇ ਜੈਵਿਕ ਪਦਾਰਥਾਂ ਦੇ ਨਾਲ-ਨਾਲ ਲਾਹੇਵੰਦ ਜੀਵਾਣੂ ਜਿਵੇਂ ਕਿ ਵਰਮੀ ਦੇ ਕੀੜੇ ਆਦਿ ਦੀ ਘਾਟ ਹੁੰਦੀ ਹੈ।
ਡਾ. ਜੇ. ਪੀ.ਪ੍ਰਕਾਸ਼ ਸਪੈਸ਼ਲਿਸਟ (ਪਸ਼ੂ ਵਿਗਿਆਨ) ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਪਸ਼ੂਆਂ ਦੇ ਚਾਰੇ ਵਜੋਂ ਵਰਤਣ ਬਾਰੇ ਜਾਗਰੂਕ ਕੀਤਾ ਤਾਂ ਜੋ ਨਵੀਂ ਪਰਾਲੀ ਦਾ ਪਸ਼ੂਆਂ ਨੂੰ ਕੋਈ ਨੁਕਸਾਨ ਨਾ ਹੋਵੇ ਤੇ ਨਾਲ ਹੀ ਉਨ੍ਹਾਂ ਨੇ ਮੌਜੂਦਾ ਸਮੇਂ 'ਚ ਚੱਲ ਰਹੀ ਗਾਵਾਂ `ਚ ਹੋਣ ਵਾਲੀ ਵਾਇਰਲ ਛੂਤ ਦੀ ਬਿਮਾਰੀ, ਲੰਪੀ ਚਮੜੀ ਰੋਗ ਦੇ ਰਵਾਇਤੀ ਇਲਾਜ, ਸਾਂਭ-ਸੰਭਾਲ ਤੇ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
Summary in English: Awareness Program on Paddy Stubble Management, 60 progressive farmers participated