![Guru Angad Dev Veterinary Guru Angad Dev Veterinary](https://d2ldof4kvyiyer.cloudfront.net/media/6304/01.png)
Guru Angad Dev Veterinary
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਫ਼ਿਸ਼ਰੀਜ਼ ਕਾਲਜ ਵਲੋਂ ਮੱਛੀ ਪਾਲਣ ਸੰਬੰਧੀ ਇਕ ਆਨਲਾਈਨ ਸਿਖਲਾਈ ਪ੍ਰੋਗਰਾਮ ਕਰਵਾਇਆ ਗਿਆ।ਇਹ ਸਿਖਲਾਈ ਪ੍ਰੋਗਰਾਮ ਭਾਰਤ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ’ਭਾਰਤ ਕਾ ਅੰਮਿ੍ਰਤ ਮਹੋਤਸਵ’ ਨੂੰ ਸਮਰਪਿਤ ਕੀਤਾ ਗਿਆ।
ਇਸ ਪ੍ਰੋਗਰਾਮ ਵਿਚ 61 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਜਿਨ੍ਹਾਂ ਵਿਚ ਖੇਤੀ ਕਿਸਾਨ, ਪਸ਼ੂ ਪਾਲਕ, ਮੱਛੀ ਪਾਲਕ, ਕਰਮਚਾਰੀ, ਵਿਦਿਆਰਥੀ ਅਤੇ ਯੁਵਕਾਂ ਦੇ ਨਾਲ 24 ਉਦਮੀ ਔਰਤਾਂ ਨੇ ਵੀ ਹਿੱਸਾ ਲਿਆ।
ਡਾ. ਵਨੀਤ ਇੰਦਰ ਕੌਰ, ਕੋਰਸ ਨਿਰਦੇਸ਼ਕ ਨੇ ਕਿਹਾ ਕਿ ਇਹ ਸਿਖਲਾਈ ਕੋਰਸ ਪ੍ਰਤੀਭਾਗੀਆਂ ਵਿਚ ਉਦਮੀ ਵਿਕਾਸ ਦੀ ਯੋਜਨਾ ਤਹਿਤ ਕਰਵਾਇਆ ਗਿਆ ਤਾਂ ਜੋ ਆਤਮਨਿਰਭਰ ਭਾਰਤ ਯੋਜਨਾ ਅਧੀਨ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾਣ।
![Animal Sciences University Animal Sciences University](https://d2ldof4kvyiyer.cloudfront.net/media/6305/02.png)
Animal Sciences University
ਡਾ. ਗਰਿਸ਼ਮਾ ਤਿਵਾੜੀ ਅਤੇ ਡਾ. ਰਜਿੰਦਰ ਕੌਰ ਨੇ ਵੱਖੋ-ਵੱਖਰੇ 8 ਤਕਨੀਕੀ ਸੈਸ਼ਨਾਂ ਦਾ ਸੰਯੋਜਨ ਕੀਤਾ ਜਿਨ੍ਹਾਂ ਵਿਚ ਮੱਛੀ ਪਾਲਣ ਸੰਬੰਧੀ ਜਗ੍ਹਾ ਦੀ ਚੋਣ, ਤਾਲਾਬ ਦੀ ਉਸਾਰੀ, ਬੱਚ ਲੈਣ ਅਤੇ ਪਾਲਣ, ਮੱਛੀਆਂ ਦਾ ਪ੍ਰਬੰਧਨ, ਜੈਵਿਕ ਸੁਰੱਖਿਆ, ਖੁਰਾਕ, ਬੀਮਾਰੀਆਂ, ਪਾਣੀ ਦੀ ਕਵਾਲਿਟੀ ਅਤੇ ਮੱਛੀ ਦਾ ਉਤਪਾਦਨ ਲੈ ਕੇ ਮੰਡੀਕਰਨ ਕਰਨ ਸੰਬੰਧੀ ਸਿੱਖਿਅਤ ਕੀਤਾ ਗਿਆ।ਪ੍ਰਤੀਭਾਗੀਆਂ ਨੂੰ ਵੱਖੋ-ਵੱਖਰੇ ਉਦਮੀ ਕਾਰਜਾਂ ਜਿਵੇਂ ਮੱਛੀ ਦੀ ਖੁਰਾਕ ਤਿਆਰ ਕਰਨਾ, ਅਕਵੇਰੀਅਮ ਬਨਾਉਣਾ, ਸਜਾਵਟੀ ਮੱਛੀਆਂ ਦਾ ਕਿੱਤਾ, ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨਾ, ਮੱਛੀ ਦਾ ਬੱਚ ਤਿਆਰ ਕਰਨਾ ਆਦਿ ਬਾਰੇ ਵੀ ਪੂਰਨ ਗਿਆਨ ਦਿੱਤਾ ਗਿਆ।ਉਨ੍ਹਾਂ ਨੂੰ ਸੰਚਾਰ ਕੌਸ਼ਲਤਾ ਬਾਰੇ ਵੀ ਜਾਣਕਾਰੀ ਦਿੱਤੀ ਗਈ।ਇਕ ਸਫ਼ਲ ਮੱਛੀ ਪਾਲਕ ਸ਼੍ਰੀ ਜਸਵੀਰ ਸਿੰਘ ਔਜਲਾ ਅਤੇ ਸ਼੍ਰੀਮਤੀ ਅਮਨਦੀਪ ਕੌਰ ਨੇ ਇਨ੍ਹਾਂ ਪ੍ਰਤੀਭਾਗੀਆਂ ਨੂੰ ਇਸ ਕਿੱਤੇ ਲਈ ਉਤਸਾਹਿਤ ਕੀਤਾ ਅਤੇ ਆਪਣੀ ਸਫ਼ਲਤਾ ਦੇ ਗੁਰ ਅਤੇ ਨੁਕਤੇ ਦੱਸੇ।ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਵੀ ਪ੍ਰਤੀਭਾਗੀਆਂ ਨੂੰ ਗਿਆਨ ਦਿੱਤਾ ਗਿਆ।
ਕਾਲਜ ਦੇ ਡੀਨ, ਡਾ. ਮੀਰਾ ਡੀ ਆਂਸਲ ਨੇ ਕਿਹਾ ਕਿ ਮੱਛੀ ਪਾਲਣ ਦੇ ਖੇਤਰ ਵਿਚ ਅਪਾਰ ਸੰਭਾਵਨਾਵਾਂ ਹਨ ਅਤੇ ਜੇ ਅਸੀਂ ਸਾਧਨਾਂ ਦੀ ਸੁਚੱਜੀ ਵਰਤੋਂ ਕਰਦੇ ਹੋਏ ਇਸ ਕਿੱਤੇ ਨੂੰ ਕਰੀਏ ਤਾਂ ਇਹ ਭੋਜਨ ਸੁਰੱਖਿਆ, ਭੋਜਨ ਬਚਾਅ ਅਤੇ ਵਾਤਾਵਰਣ ਦੀ ਸਿਹਤ ਲਈ ਬੜਾ ਵਧੀਆ ਕਿੱਤਾ ਹੈ।
ਡਾ. ਪ੍ਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕਿਹਾ ਕਿ ਯੂਨੀਵਰਸਿਟੀ ਆਪਣੇ ਭਾਗੀਦਾਰਾਂ ਦੀ ਸਮਰੱਥਾ ਉਸਾਰੀ ਅਤੇ ਤਕਨਾਲੋਜੀ ਤਬਾਦਲੇ ਵਾਸਤੇ ਲਗਾਤਾਰ ਯਤਨਸ਼ੀਲ ਰਹਿੰਦੀ ਹੈ।ਇਨ੍ਹਾਂ ਯਤਨਾਂ ਵਿਚ ਹੀ ਪਸ਼ੂ ਪਾਲਣ ਕਿੱਤੇ ਅਤੇ ਮੱਛੀ ਪਾਲਣ ਖੇਤਰ ਵਿਚ ਵੰਨ ਸੁਵੰਨਤਾ ਲਿਆਉਣ ਲਈ ਲਗਾਤਾਰ ਨੌਜਵਾਨਾਂ, ਔਰਤਾਂ ਅਤੇ ਕਿਸਾਨੀ ਭਾਈਚਾਰੇ ਨੂੰ ਸਿੱਖਿਅਤ ਕੀਤਾ ਜਾ ਰਿਹਾ ਹੈ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Complete Fisheries Training Course at Veterinary University