![DR inderjeet Singh DR inderjeet Singh](https://d2ldof4kvyiyer.cloudfront.net/media/5208/dr-inderjeet-singh-vc-addressing.jpg)
DR inderjeet Singh
ਵੈਟਨਰੀ ਵਿਗਿਆਨ ਦੇ ਖੇਤਰ ਵਿਚ 34 ਸਾਲ ਤੋਂ ਵਧੇਰੇ ਸੇਵਾ ਨਿਭਾਉਣ ਤੋਂ ਬਾਅਦ ਡਾ. ਪਦਮਾ ਨਾਥ ਦਿਵੇਦੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਤੋਂ ਸੇਵਾ ਮੁਕਤ ਹੋ ਗਏ ਹਨ
ਉਨ੍ਹਾਂ ਦੇ ਸਨਮਾਨ ਵਿਚ ਵੈਟਨਰੀ ਯੂਨੀਵਰਸਿਟੀ ਦੀ ਅਧਿਆਪਕ ਜਥੇਬੰਦੀ ਵੱਲੋਂ ਇਕ ਪ੍ਰਭਾਵਸ਼ਾਲੀ ਵਿਦਾਇਗੀ ਸਮਾਰੋਹ ਕੀਤਾ ਗਿਆ।ਇਸ ਮੌਕੇ ’ਤੇ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਉਨ੍ਹਾਂ ਦੀਆਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਡਾ. ਦਿਵੇਦੀ ਨੇ ਵੈਟਨਰੀ ਸੂਖਮ ਜੀਵ ਵਿਗਿਆਨ ਦੇ ਖੇਤਰ ਵਿਚ ਬਹੁਤ ਉਚੇਚਾ ਕਾਰਜ ਕੀਤਾ ਹੈ।ਉਨ੍ਹਾਂ ਦੀਆਂ ਖੋਜ, ਅਧਿਆਪਨ ਅਤੇ ਪ੍ਰਸ਼ਾਸਕੀ ਖੂਬੀਆਂ ਨੂੰ ਇਸ ਸਮਾਗਮ ਵਿਚ ਉਚੇਚੇ ਰੂਪ ਵਿਚ ਸਲਾਹਿਆ ਗਿਆ।ਅਧਿਆਪਕਾਂ ਨੇ ਉਨ੍ਹਾਂ ਦੇ ਭਵਿੱਖੀ ਜੀਵਨ ਲਈ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
![DR. inderjeeti singh DR. inderjeeti singh](https://d2ldof4kvyiyer.cloudfront.net/media/5209/dr-inderjeeti-singh-vc-and-gadvasuta-executive-honoring-dr-dwivedi.jpg)
DR. inderjeeti singh
ਡਾ. ਦਿਵੇਦੀ ਦਾ ਜਨਮ 08 ਫਰਵਰੀ 1961 ਨੂੰ ਮੱਧ ਪ੍ਰਦੇਸ਼ ਰਾਜ ਦੇ ਰੀਵਾ ਜ਼ਿਲ੍ਹੇ ਦੇ ਮੱਧ ਵਰਗੀ ਪਰਿਵਾਰ ਵਿਚ ਹੋਇਆ ਸੀ।ਉਨ੍ਹਾਂ ਨੇ ਆਪਣੀ ਬੀ ਵੀ ਐਸ ਸੀ ਦੀ ਡਿਗਰੀ, ਜਬਲਪੁਰ ਯੂਨੀਵਰਸਿਟੀ, ਐਮ ਵੀ ਐਸ ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੀਐਚ.ਡੀ ਦੀ ਡਿਗਰੀ, ਲੰਡਨ ਯੂਨੀਵਰਸਿਟੀ ਤੋਂ ਹਾਸਿਲ ਕੀਤੀ।1986 ਵਿਚ ਉਨ੍ਹਾਂ ਨੇ ਬਤੌਰ ਸਹਾਇਕ ਪ੍ਰੋਫੈਸਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੇਵਾ ਸੰਭਾਲੀ।ਉਹ 1998 ਵਿਚ ਸਹਿਯੋਗੀ ਪ੍ਰੋਫੈਸਰ ਅਤੇ 2006 ਵਿਚ ਪ੍ਰੋਫੈਸਰ ਬਣੇ।2018 ਵਿਚ ਉਨ੍ਹਾਂ ਨੂੰ ਡੇਅਰੀ ਮਾਇਕਰੋਬਾਇਓਲੋਜੀ ਵਿਭਾਗ ਦਾ ਮੁਖੀ ਥਾਪਿਆ ਗਿਆ।ਉਨ੍ਹਾਂ ਦੋਨਾਂ ਯੂਨੀਵਰਸਿਟੀਆਂ ਵਿਚ 34 ਵਰ੍ਹੇ ਤੋਂ ਵੱਧ ਸੇਵਾ ਨਿਭਾਉਂਦੇ ਹੋਏ 14 ਐਮ ਵੀ ਐਸ ਸੀ ਅਤੇ 3 ਪੀਐਚ.ਡੀ ਵਿਦਿਆਰਥੀਆਂ ਨੂੰ ਬਤੌਰ ਨਿਗਰਾਨ ਖੋਜ ਕਾਰਜ ਕਰਵਾਇਆ।ਉਨ੍ਹਾਂ ਨੂੰ ਵੱਕਾਰੀ ’ਦਾਦ ਸਨਮਾਨ’ ਅਤੇ ਰਾਸ਼ਟਰਮੰਡਲ ਵਜ਼ੀਫ਼ੇ ਨਾਲ ਵੀ ਨਿਵਾਜਿਆ ਗਿਆ।ਉਨ੍ਹਾਂ ਦੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਖੋਜ ਰਸਾਲਿਆਂ ਵਿਚ 125 ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹੋਏ।
ਇਹ ਵੀ ਪੜ੍ਹੋ: ਕਿਸਾਨਾਂ ਲਈ ਖੇਤੀ `ਚ ਨਵਾਂ ਵਿਕਲਪ, ਹੁਣ ਪੰਜਾਬ `ਚ ਵੀ ਹੋਵੇਗੀ ਕੇਲੇ ਦੀ ਖੇਤੀ
![](https://d2ldof4kvyiyer.cloudfront.net/media/5210/dr-pn-dwivedi.jpg)
ਆਪਣੇ ਸੇਵਾ ਕਾਲ ਦੌਰਾਨ ਉਹ ਯੂਨੀਵਰਸਿਟੀ ਦੇ ਨਾਚ, ਨਾਟਕ ਅਤੇ ਸੰਗੀਤ ਕਲੱਬ ਦੇ ਪ੍ਰਧਾਨ, ਸਪੀਕਰ ਫੋਰਮ ਦੇ ਇੰਚਾਰਜ, ਯੂਨੀਵਰਸਿਟੀ ਖੇਡਾਂ ਦੇ ਇੰਚਾਰਜ, ਸਹਿਯੋਗੀ ਐਨ ਸੀ ਸੀ ਅਫ਼ਸਰ ਅਤੇ ਮੁੱਖ ਹੋਸਟਲ ਵਾਰਡਨ ਦੇ ਤੌਰ ’ਤੇ ਵੀ ਕਾਰਜ ਕਰਦੇ ਰਹੇ।ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਰਤਸਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਯੁਵਕ ਮੇਲਿਆਂ ਵਿਚ ਅਣਗਿਣਤ ਮੌਕਿਆਂ ’ਤੇ ਵਿਦਿਆਰਥੀ ਮੁਕਾਬਲਿਆਂ ਵਿਚ ਨਿਰਣਾਇਕ ਵਜੋਂ ਯੋਗਦਾਨ ਦਿੱਤਾ।
ਵਿਦਾਇਗੀ ਸਮਾਰੋਹ ਵਿਚ ਡਾ. ਦੀਪਤੀ ਨਾਰੰਗ ਅਤੇ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਉਨ੍ਹਾਂ ਦੇ ਪੇਸ਼ੇਵਰ ਜੀਵਨ ਅਤੇ ਨਿਜੀ ਜੀਵਨ ਦੀਆਂ ਪ੍ਰਾਪਤੀਆਂ ਅਤੇ ਪਲ ਸਾਂਝੇ ਕੀਤੇ।ਅਧਿਆਪਕ ਜਥੇਬੰਦੀ ਦੇ ਸਕੱਤਰ, ਡਾ. ਸ਼ਸ਼ੀ ਮਹਾਜਨ ਨੇ ਮੰਚ ਸੰਚਾਲਨ ਦਾ ਕਾਰਜ ਬੜੇ ਸੁਚਾਰੂ ਢੰਗ ਨਾਲ ਨਿਭਾਇਆ ਜਦਕਿ ਡਾ. ਅਸ਼ਵਨੀ ਸ਼ਰਮਾ ਪ੍ਰਧਾਨ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।
ਲੋਕ ਸੰਪਰਕ ਦਫਤਰ
ਪਸਾਰ ਸਿੱਖਿਆ ਨਿਰਦੇਸ਼ਾਲਾ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Dr. Retired from PN Dwivedi Veterinary University