![ਕੰਢੀ ਖੇਤਰਾਂ ਦੇ ਕਿਸਾਨਾਂ ਲਈ ਖੁੱਲ੍ਹੇ ਖੇਤੀ ਦੇ ਨਵੇਂ ਰਾਹ ਕੰਢੀ ਖੇਤਰਾਂ ਦੇ ਕਿਸਾਨਾਂ ਲਈ ਖੁੱਲ੍ਹੇ ਖੇਤੀ ਦੇ ਨਵੇਂ ਰਾਹ](https://d2ldof4kvyiyer.cloudfront.net/media/13585/border-area-farmers.jpg)
ਕੰਢੀ ਖੇਤਰਾਂ ਦੇ ਕਿਸਾਨਾਂ ਲਈ ਖੁੱਲ੍ਹੇ ਖੇਤੀ ਦੇ ਨਵੇਂ ਰਾਹ
Coastal Areas of Punjab: ਭਾਰਤ ਦਾ ’ਅੰਨ ਭੰਡਾਰ’ ਹੋਣ ਦੇ ਬਾਵਜੂਦ ਪੰਜਾਬ ਵਿੱਚ ਵੀ ਅਜਿਹੇ ਖੇਤਰ ਹਨ ਜੋ ਭੋਜਨ ਪੱਖੋਂ ਦੂਜੇ ਖੇਤਰਾਂ ਨਾਲੋਂ ਘੱਟ ਸੁਰੱਖਿਅਤ ਹਨ। ਕੰਢੀ ਖੇਤਰ ਉਨ੍ਹਾਂ ਵਿੱਚੋਂ ਇੱਕ ਹੈ ਜੋ ਪਠਾਨਕੋਟ ਦੇ ਧਾਰ ਕਲਾਂ ਬਲਾਕ ਤੋਂ ਲੈ ਕੇ ਮੁਹਾਲੀ ਦੇ ਡੇਰਾਬੱਸੀ ਬਲਾਕ ਤੱਕ 3.93 ਲੱਖ ਹੈਕਟੇਅਰ ਭਾਵ ਪੰਜਾਬ ਦੇ ਲਗਭਗ 8% ਹਿੱਸੇ ਨੂੰ ਕਿਹਾ ਜਾਂਦਾ ਹੈ। ਇਹ ਗੱਲ ਪੀਏਯੂ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦਾ ਦੌਰਾ ਕਰਨ ਉਪਰੰਤ ਕਹੀ।
ਡਾ. ਗੋਸਲ ਨੇ ਹੋਰ ਕਿਹਾ ਕਿ ਕੰਢੀ ਖੇਤਰ ਵਿੱਚ ਅਸਥਿਰ ਭੂਗੋਲਿਕ ਸਥਿਤੀਆਂ, ਘੱਟ ਪਾਣੀ ਨੂੰ ਸੰਭਾਲਣ ਵਾਲੀਆਂ ਮਿੱਟੀਆਂ, ਜਮੀਨੀ ਪਾਣੀ ਦਾ ਡੂੰਘਾ ਪੱਧਰ, ਅਨਿਯਮਿਤ ਬਰਸਾਤੀ ਪਾਣੀ ਦੀ ਵੰਡ ਅਤੇ ਛੋਟੀਆਂ ਜਮੀਨਾਂ ਵਿਸੇਸ ਧਿਆਨ ਮੰਗਦੀਆਂ ਹਨ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਪੰਜਾਬ ਦੇ ਉੱਤਰ-ਪੂਰਬੀ ਹਿੱਸੇ ਵਿੱਚ ਇਸ ਖੇਤੀ-ਮੌਸਮ ਵਾਲੇ ਜੋਨ-1 ਦੀਆਂ ਖੋਜ ਲੋੜਾਂ ਨੂੰ ਪੂਰਾ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਖੇਤਰੀ ਖੋਜ ਕੇਂਦਰ, ਬੱਲੋਵਾਲ ਸੌਂਖੜੀ ਦੀ ਸਥਾਪਨਾ 1982 ਵਿੱਚ ਕੀਤੀ ਗਈ ਸੀ।
ਸਟੇਸਨ ’ਤੇ ਖੋਜ ਬਾਰ ਗੱਲ ਕਰਦਿਆਂ ਡਾ. ਗੋਸਲ ਨੇ ਭੂਮੀ ਅਤੇ ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਲੋੜ ਅਤੇ ਖਿੱਤਾ ਅਧਾਰਿਤ ਖੋਜ ’ਤੇ ਜੋਰ ਦਿੱਤਾ ਜਿਸ ਵਿੱਚ ਮਾਈਕ੍ਰੋ-ਵਾਟਰਸੇਡ ਹਾਈਡ੍ਰੋਲੋਜੀ, ਪਾਣੀ ਦੀ ਸੰਭਾਲ, ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਤਰੀਕੇ ਅਤੇ ਮਿੱਟੀ ਦੀ ਸੰਭਾਲ ਬਾਰੇ ਤਕਨਾਲੋਜੀ ਸਾਮਲ ਹੈ।
ਇਹ ਵੀ ਪੜ੍ਹੋ : New Varieties: PAU ਨੇ 18 ਨਵੀਆਂ ਕਿਸਮਾਂ ਕੀਤੀਆਂ ਵਿਕਸਿਤ, ਸਿਫ਼ਾਰਸ਼ ਕਿਸਮਾਂ ਜਾਨਣ ਲਈ ਲੇਖ ਪੜੋ
ਇਸ ਮੌਕੇ ਉਨ੍ਹਾਂ ਨੇ ਖੇਤੀਯੋਗ ਫਸਲਾਂ ਤੇ ਜ਼ੋਰ ਦਿੱਤਾ ਜਿਸ ਵਿੱਚ ਬਾਗਬਾਨੀ ਅਤੇ ਜੰਗਲਾਤ ਦੇ ਨਾਲ-ਨਾਲ ਢੁਕਵੀਂਆਂ ਫ਼ਸਲਾਂ ਅਤੇ ਉਤਪਾਦਨ ਤਕਨਾਲੋਜੀਆਂ ਸਾਮਲ ਹਨ। ਉਹਨਾਂ ਕਿਹਾ ਕਿ ਇਸ ਇਲਾਕੇ ਦੇ ਬੱਚਿਆਂ ਨੂੰ ਵਿਕਸਿਤ ਖੇਤੀਬਾੜੀ ਸਿੱਖਿਆ ਨਾਲ ਜੋੜਨ ਲਈ ਕੇਂਦਰ ਵਿੱਚ ਸਥਾਪਿਤ ਖੇਤੀਬਾੜੀ ਕਾਲਜ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ।
ਪੀ.ਏ.ਯੂ. ਦੇ ਨਿਰਦੇਸਕ ਖੋਜ ਡਾ. ਅਜਮੇਰ ਸਿੰਘ ਢੱਟ ਨੇ ਭੂਮੀ ਅਤੇ ਪਾਣੀ ਦੀ ਸੰਭਾਲ ਦੇ ਖੇਤਰ ਵਿੱਚ ਖੋਜ ਦੀਆਂ ਲੱਭਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਧਰਤੀ ਦੀ ਸਤਹ ਤੋਂ ਪਾਣੀ ਦੇ ਵਹਿ ਜਾਣ ਅਤੇ ਪਾਣੀ ਦੀ ਸੰਭਾਲ ਕਰਕੇ ਮੁੜ ਵਰਤੋਂ ਦੀ ਤਕਨੀਕ ਸਟੇਸਨ ਦੁਆਰਾ ਦਿੱਤੀ ਗਈ ਸੀ ਜਿਸ ਨੂੰ ਮੱਕੋਵਾਲ ਵਾਟਰ ਹਾਰਵੈਸਟਿੰਗ ਢਾਂਚਾ ਕਿਹਾ ਗਿਆ। ਇਸ ਮਾਡਲ ਨੂੰ ਕੰਢੀ ਖੇਤਰ ਵਿੱਚ 100 ਤੋਂ ਵੱਧ ਥਾਵਾਂ ’ਤੇ ਦੁਹਰਾਇਆ ਗਿਆ ਸੀ।
ਇਸ ਤੋਂ ਇਲਾਵਾ, ਵੱਖ-ਵੱਖ ਭੂਮੀ ਲਈ ਮੀਂਹ ਦੇ ਪਾਣੀ ਦੀ ਸੰਭਾਲ ਕਰਨ ਵਾਸਤੇ ਉਹਨਾਂ ਦੀ ਲਾਈਨਿੰਗ ਸਮੱਗਰੀ ਦੇ ਡਿਜਾਈਨ ਦੀ ਸਿਫਾਰਸ ਕੀਤੀ ਗਈ ਸੀ| ਉਨ੍ਹਾਂ ਦੱਸਿਆ ਕਿ ਨਮੀ ਦੀ ਸੰਭਾਲ ਅਤੇ ਰੋਕੂ ਤਕਨੀਕਾਂ ਜਿਵੇਂ ਕਿ ਬਨਸਪਤੀ ਰੁਕਾਵਟਾਂ ਦੀ ਵਰਤੋਂ, ਅੰਤਰ ਫਸਲੀ ਵਿਧੀ, ਮੱਕੀ ਦੀ ਵੱਟਾਂ ਤੇ ਬਿਜਾਈ ਅਤੇ ਮਲਚਿੰਗ ਤਕਨੀਕਾਂ ਵੀ ਵਿਕਸਿਤ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਨਕਲੀ ਬੀਜਾਂ ਦੀ ਵਿਕਰੀ 'ਤੇ ਨਕੇਲ, ਜਾਣੋ 'ਬੀਜ' ਐਪ ਦੀਆਂ ਵਿਸ਼ੇਸ਼ਤਾਵਾਂ
ਫਸਲਾਂ ਅਤੇ ਕਿਸਮਾਂ ਦੇ ਵਿਕਾਸ ਬਾਰੇ ਗੱਲ ਕਰਦਿਆਂ ਡਾ. ਢੱਟ ਨੇ ਦੱਸਿਆ ਕਿ ਸਟੇਸਨ ਨੇ 30 ਤੋਂ ਵੱਧ ਕਿਸਮਾਂ ਜਿਵੇਂ ਕਿ ਕਣਕ, ਮੱਕੀ, ਤਰਮੀਰਾ, ਛੋਲੇ, ਮੂੰਗੀ, ਮਾਂਹ ਆਦਿ ਵਿਕਸਤ ਕੀਤੀਆਂ ਹਨ ਜੋ ਮਾਰੂ ਖੇਤੀ ਲਈ ਜਾਂ ਸੀਮਤ ਸਿੰਚਾਈ ਲਈ ਢੁਕਵੀਆਂ ਹਨ। ਅਵਾਰਾ ਅਤੇ ਜੰਗਲੀ ਜਾਨਵਰਾਂ ਦੁਆਰਾ ਜ਼ਿਆਦਾ ਨੁਕਸਾਨ ਵਾਲੇ ਖੇਤਰਾਂ ਲਈ ਤਾਰਾਮੀਰਾ, ਤਿਲ, ਅਤੇ ਹਾਲ ਹੀ ਵਿੱਚ ਅਦਰਕ ਵਰਗੀਆਂ ਬਦਲਵੀਆਂ ਫਸਲਾਂ ਦੀ ਸਿਫਾਰਸ ਕੀਤੀ ਗਈ ਹੈ।
ਇਸ ਤੋਂ ਇਲਾਵਾ, ਆਂਵਲਾ, ਅਮਰੂਦ, ਗਲਗਲ ਅਤੇ ਨਿੰਬੂ ਵਰਗੀਆਂ ਫਲਾਂ ਦੀਆਂ ਫਸਲਾਂ ਦੇ ਉਤਪਾਦਨ ਲਈ ਕਿਸਮਾਂ ਅਤੇ ਤਕਨੀਕਾਂ, ਖੇਤੀ-ਜੰਗਲਾਤ ਰੁੱਖ ਜਿਵੇਂ ਕਿ ਸੁਬਾਬੁਲ, ਬਿਲ, ਤੁਨ, ਅਤੇ ਬਾਂਸ; ਚਾਰੇ ਦੀਆਂ ਫਸਲਾਂ ਜਿਵੇਂ ਕਿ ਗਿਨੀ ਘਾਹ, ਨੇਪੀਅਰ ਬਾਜਰਾ ਹਾਈਬ੍ਰਿਡ ਅਤੇ ਲੈਮਨ ਗਰਾਸ ਵਰਗੀਆਂ ਖੁਸਬੂਦਾਰ ਫਸਲਾਂ ਵਿਕਸਿਤ ਕੀਤੀਆਂ ਗਈਆਂ ਹਨ।
ਮੌਸਮ ਦੀ ਜਾਣਕਾਰੀ ਅਤੇ ਫਸਲਾਂ ਦੀ ਯੋਜਨਾ ਬਾਰੇ ਜਾਣਕਾਰੀ ਦਿੰਦੇ ਹੋਏ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਦੇ ਨਿਰਦੇਸ਼ਕ ਡਾ. ਮਨਮੋਹਨਜੀਤ ਸਿੰਘ ਨੇ 70000 ਤੋਂ ਵੱਧ ਕਿਸਾਨਾਂ ਨੂੰ ਐੱਸ ਐੱਮ ਐੱਸ ਦੁਆਰਾ ਖੇਤੀ ਸੰਬੰਧੀ ਸਲਾਹ ਜਾਰੀ ਕਰਨ ਲਈ ਸਵੈਚਾਲਿਤ ਮੌਸਮ ਸਟੇਸਨਾਂ ਦੇ ਕਾਰਜ ਦਾ ਹਵਾਲਾ ਦਿੱਤਾ ਜੋ 1984 ਤੋਂ ਲਗਾਤਾਰ ਮੌਸਮ ਦੇ ਅੰਕੜੇ ਇਕੱਤਰ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਉਣੀ ਅਤੇ ਹਾੜੀ ਦੀਆਂ ਫਸਲਾਂ ਲਈ ਮੌਨਸੂਨ ਦੀ ਪਿਛੇਤ, ਖੁਸਕ ਮੌਸਮ, ਮੌਨਸੂਨ ਦੇ ਛੇਤੀ ਵਾਪਸੀ ਆਦਿ ਲਈ ਫਸਲੀ ਯੋਜਨਾਵਾਂ ਦੀ ਸਿਫਾਰਸ ਕੀਤੀ ਜਾਂਦੀ ਹੈ। ਪਸਾਰ ਅਤੇ ਸਿਖਲਾਈ ਦੇ ਸੰਬੰਧ ਵਿੱਚ ਡਾ. ਮਨਮੋਹਨਜੀਤ ਸਿੰਘ ਨੇ ਵਿਸਵ ਬੈਂਕ ਦੁਆਰਾ ਪ੍ਰਾਯੋਜਿਤ ਖੇਤਰੀ ਸਿਖਲਾਈ ਕੇਂਦਰ ਦੀ ਉਦਾਹਰਣ ਦਿੱਤੀ ਜੋ ਕਿ 1992 ਤੋਂ 2001 ਤੱਕ ਸਟੇਸਨ ’ਤੇ ਚੱਲ ਰਿਹਾ ਸੀ। ਇਸ ਕੇਂਦਰ ਵਿੱਚ ਭਾਰਤ ਦੇ ਪੰਜ ਉੱਤਰੀ ਰਾਜਾਂ ਦੇ ਵਿਕਾਸ ਵਿਭਾਗਾਂ ਦੇ 3000 ਤੋਂ ਵੱਧ ਅਧਿਕਾਰੀਆਂ ਨੂੰ ਸਿਖਲਾਈ ਦਿੱਤੀ ਗਈ।
ਉਨ੍ਹਾਂ ਕਿਸਾਨ ਮੇਲਿਆਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਜੋ ਸਟੇਸਨ ਦੀ ਸ਼ੁਰੂਆਤ ਤੋਂ ਲੈ ਕੇ ਸਾਲ ਵਿੱਚ ਦੋ ਵਾਰ ਆਯੋਜਿਤ ਕੀਤੇ ਜਾਂਦੇ ਹਨ। ਨਾਲ ਹੀ ਕਿਸਾਨਾਂ ਅਤੇ ਵਿਕਾਸ ਵਿਭਾਗਾਂ ਦੇ ਖੇਤਰ ਕਾਮਿਆਂ ਨੂੰ 1000 ਤੋਂ ਵੱਧ ਵਾਰ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਸਟੇਸਨ ’ਤੇ ਖੇਤੀਬਾੜੀ ਕਾਲਜ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ ਜਿੱਥੇ ਚਾਰ ਸਾਲਾ ਬੀ.ਐਸ.ਸੀ. ਐਗਰੀਕਲਚਰ (ਆਨਰਜ) 2021 ਤੋਂ ਪੜ੍ਹਾਇਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਸਟੇਸਨ ਦੀ ਮੁੱਖ ਇਮਾਰਤ ਦਾ ਨੀਂਹ ਪੱਥਰ 1982 ਵਿੱਚ ਰੱਖਿਆ ਗਿਆ ਸੀ ਅਤੇ ਇਸ ਦਾ ਉਦਘਾਟਨ 1987 ਵਿੱਚ ਪੰਜਾਬ ਦੇ ਤਤਕਾਲੀ ਰਾਜਪਾਲ ਸ਼੍ਰੀ ਸਿਧਾਰਥ ਸੰਕਰ ਰੇਅ ਨੇ ਕੀਤਾ। ਇਸਨੂੰ ਕੰਢੀ ਖੇਤਰ ਲਈ ਖੇਤਰੀ ਖੋਜ ਕੇਂਦਰ ਅਤੇ ਫਿਰ ਬਾਅਦ ਵਿੱਚ 2018 ਵਿੱਚ ਡਾ ਡੀ ਆਰ ਭੁੰਬਲਾ ਖੇਤਰੀ ਖੋਜ ਸਟੇਸਨ ਦੇ ਰੂਪ ਵਿੱਚ ਨਾਮ ਦਿੱਤਾ ਗਿਆ।
Summary in English: Good News: New avenues of agriculture open to the farmers of Punjab's coastal areas