![ਵੈਟਨਰੀ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਚਾਰ ਚਰਚਾ ਵੈਟਨਰੀ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਚਾਰ ਚਰਚਾ](https://d2ldof4kvyiyer.cloudfront.net/media/16659/dsc_0808.jpg)
ਵੈਟਨਰੀ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਚਾਰ ਚਰਚਾ
ਵੈਟਨਰੀ ਕੌਂਸਲ ਆਫ਼ ਇੰਡੀਆ ਨੇ ਭਾਰਤ ਵਿੱਚ ਵੈਟਨਰੀ ਸਿੱਖਿਆ ਦੇ ਆਧੁਨਿਕੀਕਰਨ ਲਈ ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ ਅਗਵਾਈ ਵਿੱਚ ਇੱਕ ਕਮੇਟੀ ਦੀ ਸਥਾਪਨਾ ਕੀਤੀ ਹੈ।
ਇਸ ਕਮੇਟੀ ਵਿੱਚ ਕਾਲਜ ਆਫ਼ ਵੈਟਨਰੀ ਸਾਇੰਸ ਦੇ ਡੀਨ ਅਤੇ ਪੋਸਟ ਗ੍ਰੈਜੂਏਟ ਸਟੱਡੀਜ਼ ਦੇ ਡੀਨ ਸਮੇਤ ਉੱਘੇ ਪੇਸ਼ੇਵਰ ਸ਼ਾਮਿਲ ਹਨ। ਇਸ ਕਮੇਟੀ ਨੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਸੈਸ਼ਨਾਂ ਦੀ ਲੜੀ ਦਾ ਆਯੋਜਨ ਕੀਤਾ। ਇਹਨਾਂ ਮੀਟਿੰਗਾਂ ਦਾ ਮੁੱਖ ਉਦੇਸ਼ ਭਾਰਤ ਵਿੱਚ ਯੋਗਤਾ-ਆਧਾਰਿਤ, ਵਿਹਾਰਕ ਅਤੇ ਭਵਿੱਖਮੁਖੀ ਪਾਠਕ੍ਰਮ ਤਿਆਰ ਕਰਨ ਲਈ ਵੈਟਨਰੀ ਸਿੱਖਿਆ ਦਾ ਘੱਟੋ-ਘੱਟ ਮਿਆਰ ਨਿਸ਼ਚਿਤ ਕਰਨਾ ਸੀ।
![ਵੈਟਨਰੀ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਚਾਰ ਚਰਚਾ ਵੈਟਨਰੀ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਚਾਰ ਚਰਚਾ](https://d2ldof4kvyiyer.cloudfront.net/media/16660/dsc_0829.jpg)
ਵੈਟਨਰੀ ਯੂਨੀਵਰਸਿਟੀ ਵਿਖੇ ਉੱਚ ਪੱਧਰੀ ਵਿਚਾਰ ਚਰਚਾ
ਡਾ. ਇੰਦਰਜੀਤ ਸਿੰਘ ਨੇ ਪਸ਼ੂਆਂ ਦੀ ਸਿਹਤ ਸੰਭਾਲ ਅਤੇ ਭਲਾਈ ਵਿੱਚ ਦਰਪੇਸ਼ ਚੁਣੌਤੀਆਂ ਨਾਲ ਨਜਿੱਠਣ ਲਈ ਪਾਠਕ੍ਰਮ ਨੂੰ ਭਵਿੱਖਮੁਖੀ ਰੱਖਣ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪ੍ਰਸਤਾਵਿਤ ਤਬਦੀਲੀਆਂ ਦਾ ਉਦੇਸ਼ ਸਿਧਾਂਤਕ ਗਿਆਨ ਅਤੇ ਹੱਥੀਂ ਅਨੁਭਵ ਵਿਚਲੇ ਪਾੜੇ ਨੂੰ ਦੂਰ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਗ੍ਰੈਜੂਏਟ ਵੈਟਨਰੀ ਪੇਸ਼ੇ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਪੂਰਨ ਰੂਪ ਵਿੱਚ ਤਿਆਰ ਹੋਣ।
ਡਾ. ਸਿੰਘ ਨੇ ਬੁਨਿਆਦੀ, ਅਰਧ-ਕਲੀਨਿਕਲ ਅਤੇ ਕਲੀਨਿਕਲ ਵਿਭਾਗਾਂ ਦੁਆਰਾ ਦਿੱਤੇ ਜਾਣ ਵਾਲੇ ਗਿਆਨ ਅਤੇ ਸਿਖਲਾਈ ਨੂੰ ਆਪਸ ਵਿੱਚ ਜੋੜਨ ਅਤੇ ਪੁਰਾਣੀਆਂ ਬੇਲੋੜੀਆਂ ਸਿੱਖਿਆਵਾਂ ਨੂੰ ਖ਼ਤਮ ਕਰਨ ਲਈ ਕੋਰਸਾਂ ਦੇ ਜ਼ਰੂਰੀ ਪੁਨਰਗਠਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਆਸ ਪ੍ਰਗਟਾਈ ਕਿ ਸੋਧਿਆ ਪਾਠਕ੍ਰਮ ਵੈਟਨਰੀ ਸਿੱਖਿਆ ਵਿੱਚ ਉੱਤਮਤਾ ਦੇ ਉੱਚੇ ਮਿਆਰਾਂ ਨੂੰ ਪੂਰਾ ਕਰੇਗਾ ਅਤੇ ਵਿਦਿਆਰਥੀਆਂ, ਸਿੱਖਿਆ ਸ਼ਾਸਤਰੀਆਂ ਅਤੇ ਉਦਯੋਗਿਕ ਪੇਸ਼ੇਵਰਾਂ ਸਮੇਤ ਵੱਖ-ਵੱਖ ਹਿੱਸੇਦਾਰਾਂ ਦੀਆਂ ਉਮੀਦਾਂ `ਤੇ ਪੂਰਾ ਉਤਰੇਗਾ।
ਇਹ ਵੀ ਪੜ੍ਹੋ: Veterinary University ਦੇ ਵਿਦਿਆਰਥੀ ਮਲੇਸ਼ੀਆ ਰਵਾਨਾ
ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ (ਲੁਧਿਆਣਾ) ਨੇ ਕਿਹਾ ਕਿ ਵੈਟਨਰੀ ਸੇਵਾਵਾਂ ਦੇ ਵਧਦੇ ਵਿਸਥਾਰ ਨਾਲ ਗ੍ਰੈਜੂਏਟਾਂ ਦੀ ਮੰਗ ਵਧ ਰਹੀ ਹੈ ਜੋ ਚੁਣੌਤੀਆਂ ਦੇ ਨਵੀਨ ਹੱਲ ਲੱਭ ਸਕਦੇ ਹਨ, ਆਪਣੇ ਉੱਦਮ ਸ਼ੁਰੂ ਕਰ ਸਕਦੇ ਹਨ ਅਤੇ ਵੈਟਨਰੀ ਪੇਸ਼ੇ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਨ।
ਡਾ. ਸੰਜੀਵ ਕੁਮਾਰ ਉੱਪਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਵੈਟਨਰੀ ਗ੍ਰੈਜੂਏਟਾਂ ਨੂੰ ਵਿਹਾਰਕ ਹੁਨਰ ਅਤੇ ਯੋਗਤਾਵਾਂ ਨਾਲ ਲੈਸ ਕਰਨ ਦੀ ਲੋੜ `ਤੇ ਜ਼ੋਰ ਦਿੱਤਾ ਜੋ ਨਵੀਨਤਮ ਤਕਨੀਕੀ ਤਰੱਕੀ ਅਤੇ ਉੱਭਰ ਰਹੇ ਰੁਝਾਨਾਂ ਨਾਲ ਮੇਲ ਖਾਂਦੇ ਹੋਣ।
ਇਹ ਵੀ ਪੜ੍ਹੋ: GADVASU ਦੇ ਵਿਦਿਆਰਥੀ West Indies University ਵਿੱਚ ਇੱਕ ਮਹੀਨੇ ਦੀ ਸਿਖਲਾਈ ਲੈਣਗੇ
ਇਹ ਕਮੇਟੀ ਪਾਠਕ੍ਰਮ ਸੁਧਾਈ ਦੇ ਨਾਲ ਉਦਯੋਗਿਕ ਪੇਸ਼ੇਵਰਾਂ, ਮਾਹਿਰਾਂ ਅਤੇ ਵਿਦਿਆਰਥੀਆਂ ਨੂੰ ਆਪਣੇ ਨਾਲ ਜੋੜਦਿਆਂ ਹੋਇਆਂ ਵਿਆਪਕ ਸੂਝ ਅਤੇ ਦ੍ਰਿਸ਼ਟੀਕੋਣ ਨੂੰ ਵਿਕਸਤ ਕਰਨ ਦਾ ਇਰਾਦਾ ਰੱਖਦੀ ਹੈ। ਸੋਧੇ ਪਾਠਕ੍ਰਮ ਨੂੰ ਆਉਣ ਵਾਲੇ ਅਕਾਦਮਿਕ ਸਾਲ ਵਿੱਚ ਲਾਗੂ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਕਿ ਵੈਟਨਰੀ ਸਿੱਖਿਆ ਦੇ ਇੱਕ ਨਵੇਂ ਅਧਿਆਇ ਦੀ ਸ਼ੁਰੂਆਤ ਹੋਵੇਗੀ।
ਸਰੋਤ: ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ (GADVASU) ਤੋਂ ਮਿਲੀ ਹੈ।
Summary in English: High Level Discussion to Revise India's Veterinary Curriculum