![ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ](https://d2ldof4kvyiyer.cloudfront.net/media/18297/portal_thumbnail_jan-2024-8.jpg)
ਖੇਤੀਬਾੜੀ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ
NEWS.1 ਪਰਾਲੀ ਸਾੜਨ ਨੂੰ ਰੋਕਣ ਲਈ NGT ਦੀ ਪੰਜਾਬ ਸਰਕਾਰ'ਤੇ ਸਖ਼ਤੀ, CM ਭਗਵੰਤ ਮਾਨ ਨੇ ਪਰਾਲੀ ਪ੍ਰਬੰਧਨ 'ਤੇ ਨਵੀਂ ਯੋਜਨਾ ਤਿਆਰ ਕਰਨ ਦੇ ਦਿੱਤੇ ਹੁਕਮ
Today Agriculture Big News:- ਪੰਜਾਬ ਵਿੱਚ ਇਸ ਸਾਲ ਬੇਸ਼ੱਕ ਪਰਾਲੀ ਸੜਨ ਦੇ ਮਾਮਲਿਆਂ ਵਿੱਚ ਕਮੀ ਦਰਜ ਕੀਤੀ ਗਈ ਹੈ। ਦੂਜੇ ਪਾਸੇ ਪਰਾਲੀ ਸਾੜਨ ਦੇ ਮਾਮਲੇ ਵਿੱਚ NGT ਦੀ ਸਖ਼ਤੀ ਤੋਂ ਬਾਅਦ ਪੰਜਾਬ ਸਰਕਾਰ ਹਰਕਤ ਵਿੱਚ ਆਈ ਹੈ। ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਇਸ ਮਾਮਲੇ ਦੀ ਜ਼ਿੰਮੇਵਾਰੀ ਲਈ ਹੈ। ਉਹਨਾਂ ਕਿਹਾ ਪਰਾਲੀ ਸਾੜਨ ਰੋਕਣ ਅਤੇ ਪ੍ਰਬੰਧਨ ਲਈ ਇੱਕ ਨਵੀਂ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ। ਇਸੇ ਤਹਿਤ ਸੀਐਮ ਮਾਨ ਨੇ ਮੁੱਖ ਸਕੱਤਰ ਅਨੁਰਾਗ ਵਰਮਾ ਤੇ ਐਡਵੋਕੇਟ ਜਨਰਲ ਗੁਰਵਿੰਦਰ ਗੈਰੀ ਨੂੰ ਪਰਾਲੀ ਦੇ ਨਿਪਟਾਰੇ ਦੀ ਨਵੀਂ ਰੂਪਰੇਖਾ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ। ਤਾਂ ਜੋ ਸਰਕਾਰ ਨੂੰ ਦੁਬਾਰਾ NGT ਵਿੱਚ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਕਿਉਂਕਿ ਇਸ ਤੋਂ ਪਹਿਲਾ ਪਰਾਲੀ ਸਾੜਨ ਰੋਕਣ ਯੋਜਨਾ ਨੂੰ NGT ਨੇ ਰੱਦ ਕਰ ਦਿੱਤਾ ਸੀ।
NEWS.2 ਵੋਟਾਂ ਤੋਂ ਪਹਿਲਾ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ! ਆਲੂ,ਪਿਆਜ਼,ਟਮਾਟਰ ਨੇ ਆਮ ਜਨਤਾ ਦੀ ਵਧਾਈ ਚਿੰਤਾ
ਦੇਸ਼ ਵਿੱਚ ਇੱਕ ਪਾਸੇ ਲੋਕ ਸਭਾ ਚੋਣਾਂ ਦਾ ਮਾਹੌਲ ਪੂਰਾ ਗਰਮ ਹੈ, ਦੂਜੇ ਪਾਸੇ ਇਨਾਂ ਚੋਣਾਂ ਤੋਂ ਪਹਿਲਾ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪੈ ਸਕਦੀ ਹੈ। ਕਿਉਂਕਿ ਹੁਣ ਪਿਆਜ਼,ਟਮਾਟਰ,ਆਲੂ ਵਰਗੀਆਂ ਸਬਜ਼ੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਜਿਸ ਦਾ ਅਸਰ ਮਹਿੰਗਾਈ ਦਰ ਉੱਤੇ ਦੇਖਿਆ ਜਾ ਸਕਦਾ ਹੈ। ਇਸ ਦੌਰਾਨ ਹੀ ਖਪਤਕਾਰ ਮਾਮਲਿਆਂ ਦੇ ਵਿਭਾਗ ਵੱਲੋਂ ਜਨਵਰੀ ਮਹੀਨੇ ਦੀ ਜਾਰੀ ਰਿਪੋਰਟ ਅਨੁਸਾਰ ਆਲੂ ਦੀ ਪ੍ਰਚੂਨ ਦਰ ਵਿੱਚ ਸਾਲਾਨਾ 33 ਫੀਸਦੀ ਦਾ ਵਾਧਾ ਹੋਇਆ ਹੈ। ਜਿਸ ਕਰਕੇ ਆਲੂ 20 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਦੇ ਨਾਲ ਹੀ ਪਿਆਜ਼ ਦੀ ਪ੍ਰਚੂਨ ਕੀਮਤ 20 ਫੀਸਦੀ ਦੇ ਵਾਧੇ ਨਾਲ 30 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਉੱਥੇ ਹੀ ਟਮਾਟਰ ਦੀ ਸਾਲਾਨਾ ਕੀਮਤ 50 ਫੀਸਦੀ ਦੇ ਵਾਧੇ ਨਾਲ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪ੍ਰਚੂਨ ਬਾਜ਼ਾਰ 'ਚ ਵਿਕ ਰਹੀ ਹੈ।
NEWS.3 ਪੰਜਾਬ 'ਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਆਈ ਵੱਡੀ ਗਿਰਾਵਟ, ਕਈ ਸ਼ਹਿਰਾਂ ਵਿਚ ਪੈਟਰੋਲ 40 ਪੈਸੇ ਤੱਕ ਹੋਇਆ ਸਸਤਾ
ਗਲੋਬਲ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ‘ਚ ਗਿਰਾਵਟ ਅਤੇ ਵਾਧੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਉਤਰਾਅ ਝੜਾਅ ਆਉਂਦਾ ਰਹਿੰਦਾ ਹੈ। ਉੱਥੇ ਹੀ ਮੰਗਲਵਾਰ ਨੂੰ ਕੱਚੇ ਤੇਲ ਦੀਆਂ ਕੀਮਤਾਂ‘ਚ ਗਿਰਾਵਟ ਕਾਰਨ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ‘ਚ ਬਦਲਾਅ ਕੀਤਾ ਗਿਆ। ਜਿਸ ਨਾਲ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪੈਟਰੋਲ 40 ਪੈਸੇ ਤੱਕ ਸਸਤਾ ਹੋਇਆ ਹੈ। ਜਿਸ ਨਾਲ ਆਮ ਜਨਤਾ ਨੂੰ ਥੋੜਾ ਸੁੱਖ ਦਾ ਸਾਹ ਆਇਆ ਹੈ। ਉੱਥੇ ਹੀ ਬਿਹਾਰ ਦੀ ਰਾਜਧਾਨੀ ਪਟਨਾ ‘ਚ ਪੈਟਰੋਲ ਅੱਜ ਫਿਰ ਸਸਤਾ ਹੋਇਆ, ਜਿਸ ਕਰਕੇ ਪੈਟਰੋਲ 24 ਪੈਸੇ ਦੀ ਗਿਰਾਵਟ ਤੋਂ ਬਾਅਦ 107.24 ਰੁ ਪ੍ਰਤੀ ਲੀਟਰ ਦੇ ਹਿਸਾਬ ਨਾਲ ਵਿਕਿਆ। ਉੱਥੇ ਹੀ ਡੀਜ਼ਲ ਵੀ 22 ਪੈਸੇ ਦੀ ਗਿਰਾਵਟ ਨਾਲ 94.4 ਰੁਪਏ ਪ੍ਰਤੀ ਲੀਟਰ ਹਿਸਾਬ ਨਾਲ ਵਿਕਿਆ।
ਇਹ ਵੀ ਪੜੋ:- ਛੋਟੇ ਕਿਸਾਨਾਂ ਲਈ ਵੱਡੀ ਖੁਸ਼ਖਬਰੀ, ਹੁਣ ਆਸਾਨੀ ਨਾਲ ਮਿਲੇਗਾ Loan! ਜਾਣੋ ਕਿਵੇਂ ਹੋਵੇਗਾ Small Farmers ਨੂੰ ਫਾਇਦਾ
NEWS.4 ਸਮਾਜ ਸੇਵੀ ਭਾਨਾ ਸਿੱਧੂ ਉੱਤੇ ਮੋਹਾਲੀ ਵਿਖੇ ਚੌਥਾ ਪਰਚਾ ਦਰਜ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਮਾਰਿਆ ਹਾਂ ਦਾ ਨਾਅਰਾ
ਸਮਾਜ ਸੇਵੀ ਭਾਨਾ ਸਿੱਧ ਦੇ ਹੱਕ ਵਿੱਚ ਹੋਏ ਵੱਡੇ ਇਕੱਠ ਤੋਂ ਬਾਅਦ ਭਾਨਾ ਸਿੱਧੂ ਉੱਤੇ ਮੋਹਾਲੀ ਵਿਖੇ ਚੌਥਾ ਪਰਚਾ ਦਰਜ ਹੋਇਆ ਹੈ। ਜਿਸ ਤੋਂ ਬਾਅਦ ਰਾਜਨੀਤੀ ਆਗੂ ਵੀ ਭਾਨਾ ਸਿੱਧੂ ਦੇ ਹੱਕ ਵਿੱਚ ਉੱਤਰ ਆਏ ਹਨ। ਇਸੇ ਤਹਿਤ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਨਾ ਸਿੱਧੂ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ ਹੈ। ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਭਾਨਾ ਸਿੱਧੂ ਨਾਲ ਧੱਕਾ ਕਰ ਰਹੀ ਹੈ, ਜੋ ਸਰਾਸਰ ਗਲਤ ਹੈ। ਉਹਨਾਂ ਸਰਕਾਰ ਉੱਤੇ ਤੰਜ਼ ਕੱਸਦਿਆ ਕਿਹਾ ਕਿ "ਸਦਾ ਨੀ ਹਲਾਤ ਰਹਿੰਦੇ ਮਾੜੇ ਬੰਦੇ ਦੇ... "ਸਦਾ ਨਹੀਓ ਬੰਦਿਆ ਚੜ੍ਹਾਈਆਂ ਰਹਿੰਦੀਆਂ"... ਦੂਜੇ ਪਾਸੇ ਚਰਨਜੀਤ ਚੰਨੀ ਦੇ ਇਸ ਹਾਂ ਦੇ ਨਾਅਰੇ ਤੋਂ ਭਾਨਾ ਸਿੱਧੂ ਦੇ ਸਮਰਥਕ ਵੀ ਚਰਨਜੀਤ ਚੰਨੀ ਦੀ ਪ੍ਰਸੰਸਾ ਕਰ ਰਹੇ ਹਨ।
NEWS.5 ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਲਗਾਤਾਰ ਜਾਰੀ, ਮੌਸਮ ਵਿਭਾਗ ਅਨੁਸਾਰ ਦੇਸ਼ ਦੇ ਕਈ ਰਾਜਾਂ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ
ਉੱਤਰੀ ਭਾਰਤ ਵਿੱਚ ਠੰਢ ਅਤੇ ਧੁੰਦ ਦਾ ਕਹਿਰ ਜਾਰੀ ਹੈ। ਇਸੇ ਦੌਰਾਨ ਹੀ ਮੌਸਮ ਵਿਭਾਗ ਨੇ ਦੇਸ਼ ਦੇ ਕਈ ਰਾਜਾਂ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਜਿਸ ਕਰਕੇ ਦੇਸ਼ ਦੇ ਕਈ ਰਾਜਾਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਇਸ ਮੀਂਹ ਨਾਲ ਠੰਢ ਵਧੇਗੀ ਅਤੇ ਤਾਪਮਾਨ 3 ਤੋਂ 4 ਡਿਗਰੀ ਤੱਕ ਡਿੱਗ ਸਕਦਾ ਹੈ। ਦੂਜੇ ਪਾਸੇ ਪੰਜਾਬ ਵਿੱਚ ਸੀਤ ਲਹਿਰ ਦਾ ਕਹਿਰ ਲਗਾਤਾਰ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸੇ ਦੌਰਾਨ ਹੀ ਮੌਸਮ ਵਿਭਾਗ ਨੇ ਪੰਜਾਬ ‘ਚ ਸੰਘਣੀ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ, ਜਦ ਕਿ ਬਿਹਾਰ ਅਤੇ ਯੂਪੀ ਵਿੱਚ ਅਗਲੇ 24 ਘੰਟਿਆਂ ਦੌਰਾਨ ਦਿਨ ਵੇਲੇ ਧੁੰਦ ਪੈਣ ਦੀ ਸੰਭਾਵਨਾ ਹੈ। ਉੱਥੇ ਹੀ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਘੱਟੋ-ਘੱਟ ਤਾਪਮਾਨ 7 ਤੋਂ 10 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ।
Summary in English: Today 30 January 2024 Agriculture Big News