![Dr. inderjeet singh Dr. inderjeet singh](https://d2ldof4kvyiyer.cloudfront.net/media/5618/dr-inderjeet-singh-vc-along-with-officers-administring-curtain-raising-ceremony.jpg)
Dr. inderjeet singh
ਸ਼੍ਰੀ ਨਰਿੰਦਰ ਸਿੰਘ ਤੋਮਰ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਨੇ ’ਵਰਚੂਅਲ ਕਲਾਸਰੂਮ’ ਅਤੇ ’ਐਗਰੀ ਦੀਕਸ਼ਾ ਵੈਬ ਐਜੂਕੇਸ਼ਨ ਚੈਨਲ’ ਨੂੰ ਲੋਕ ਅਰਪਣ ਕੀਤਾ।ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਨੂੰ ਵੀ ਰਾਸ਼ਟਰ ਦੀਆਂ ਮੋਹਰੀ ਖੇਤੀਬਾੜੀ ਯੂਨੀਵਰਸਿਟੀਆਂ ਵਿਚ ਸ਼ੁਮਾਰ ਕਰਦੇ ਹੋਏ ਭਾਰਤੀ ਖੇਤੀ ਖੋਜ ਪਰਿਸ਼ਦ ਵੱਲੋਂ 18 ਯੂਨੀਵਰਸਿਟੀਆਂ ਵਿਚ ਚੁਣਿਆ ਗਿਆ ਸੀ।
ਇਨ੍ਹਾਂ ਯੂਨੀਵਰਸਿਟੀਆਂ ਦੇ ਵਰਚੂਅਲ ਕਲਾਸਰੂਮ ਦਾ ਸ਼੍ਰੀ ਤੋਮਰ ਨੇ ਵਰਚੂਅਲ ਸਮਾਰੋਹ ਰਾਹੀਂ ਹੀ ਉਦਘਾਟਨ ਕੀਤਾ।ਉਨ੍ਹਾਂ ਨੇ ਖੇਤੀਬਾੜੀ ਸਿੱਖਿਆ ਦੇ ਖੇਤਰ ਵਿਚ ਉਨੱਤ ਖੋਜ ਅਤੇ ਬਿਹਤਰੀ ਦੀ ਆਸ ਕਰਦੇ ਹੋਏ ਇਸ ਨੂੰ ਰੁਜ਼ਗਾਰ ਪੈਦਾ ਕਰਨ ਵਾਲਾ ਮਾਧਿਅਮ ਦੱਸਿਆ।ਉਨ੍ਹਾਂ ਨੇ ਅਜਿਹੇ ਤਕਨਾਲੋਜੀ ਆਧਾਰਿਤ ਕਾਰਜਾਂ ਲਈ ਭਾਰਤੀ ਖੇਤੀ ਖੋਜ ਪਰਿਸ਼ਦ, ਪੂਸਾ ਸੰਸਥਾ, ਕਿ੍ਰਸ਼ੀ ਵਿਗਿਆਨ ਕੇਂਦਰ ਅਤੇ ਸਮੂਹ ਖੇਤੀਬਾੜੀ ਯੂਨੀਵਰਸਿਟੀਆਂ ਦੀ ਸ਼ਲਾਘਾ ਕੀਤੀ।
ਦੂਸਰੇ ਪਾਸੇ ਵੈਟਨਰੀ ਯੂਨੀਵਰਸਿਟੀ, ਲੁਧਿਆਣਾ ਦੇ ਕੈਂਪਸ ਵਿਖੇ ਡਾ, ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਇਸ ਵਰਚੂਅਲ ਕਲਾਸਰੂਮ ਦੀ ਘੁੰਡ ਚੁਕਾਈ ਦੀ ਰਸਮ ਨਿਭਾਈ।ਉਨ੍ਹਾਂ ਕਿਹਾ ਕਿ ਇਹ ਬਹੁਮੰਤਵੀ ਤਕਨਾਲੋਜੀ ਸਮਰੱਥਾ, ਸਿੱਖਣ ਦਾ ਹੋਰ ਵਧੀਆ ਮੰਚ ਸਾਬਿਤ ਹੋਵੇਗੀ।ਇਸ ਨਾਲ ਜਿਥੇ ਕਲਾਸਰੂਮ ਵਿਚ ਕਈ ਨਵੀਆਂ ਤਕਨੀਕਾਂ ਦਾ ਤਕਨਾਲੋਜੀ ਦੇ ਮਾਧਿਅਮ ਨਾਲ ਇਸਤੇਮਾਲ ਕੀਤਾ ਜਾ ਸਕੇਗਾ ਉਥੇ ਸੰਸਥਾ ਤੋਂ ਬਾਹਰ ਵਾਲੀਆਂ ਸਾਧਨ ਸੰਪੂਰਨ ਸਖ਼ਸ਼ੀਅਤਾਂ ਨੂੰ ਸਿੱਧਾ ਹੀ ਵਿਦਿਆਰਥੀਆਂ ਨਾਲ ਜੋੜਿਆ ਜਾ ਸਕੇਗਾ।ਸਾਰੇ ਲੈਕਚਰਾਂ ਨੂੰ ਰਿਕਾਰਡ ਕਰਕੇ ਭਵਿੱਖ ਵਿਚ ਦੁਬਾਰਾ ਗਿਆਨ ਪ੍ਰਾਪਤੀ ਲਈ ਜਾਂ ਕਿਸੇ ਨਾਲ ਸਾਂਝਿਆ ਕਰਨ ਲਈ ਵਰਤਿਆ ਜਾ ਸਕੇਗਾ।ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਇਸ ਨਾਲ ਸਾਡੇ ਵਿਦਿਅਕ ਮਿਆਰ ਹੋਰ ਉੱਚੇ ਹੋਣਗੇ।ਉਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਸ ਗੱਲ ਲਈ ਉਤਸਾਹਿਤ ਕੀਤਾ ਕਿ ਉਹ ਇਸ ਵਧੀਆ ਸਹੂਲਤ ਦਾ ਵੱਧ ਤੋਂ ਵੱਧ ਫਾਇਦਾ ਲੈਣ।ਉਨ੍ਹਾਂ ਭਾਰਤੀ ਖੇਤੀ ਖੋਜ ਪਰਿਸ਼ਦ ਅਤੇ ਸੰਬੰਧਿਤ ਸੰਸਥਾਵਾਂ ਦਾ ਸ਼ੁਕਰਾਨਾ ਵੀ ਕੀਤਾ ਕਿ ਉਨ੍ਹਾਂ ਨੇ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਨੂੰ ਇਸ ਕਾਰਜ ਲਈ ਚੁਣਿਆ।ਇਸ ਘੁੰਡ ਚੁਕਾਈ ਰਸਮ ਦੇ ਮੌਕੇ ਯੂਨੀਵਰਸਿਟੀ ਦੇ ਅਧਿਕਾਰੀ ਵੀ ਉਨ੍ਹਾਂ ਦੇ ਨਾਲ ਸਨ।
![Veterinary University Veterinary University](https://d2ldof4kvyiyer.cloudfront.net/media/5619/dr-inderjeet-singh-vc-attending-the-funciton-along-with-officers.jpg)
Veterinary University
ਇਸ ਵਰਚੂਅਲ ਮੀਟਿੰਗ ਵਿਚ ਸ਼੍ਰੀ ਪਰੋਸ਼ਤਮ ਰੁਪਾਲਾ, ਕੇਂਦਰੀ ਰਾਜ ਮੰਤਰੀ, ਖੇਤੀਬਾੜੀ ਅਤੇ ਕਿਸਾਨ ਭਲਾਈ, ਡਾ. ਤਰਲੋਚਨ ਮੋਹਾਪਾਤਰਾ, ਮਹਾਂਨਿਰਦੇਸ਼ਕ, ਭਾਰਤੀ ਖੇਤੀ ਖੋਜ ਪਰਿਸ਼ਦ, ਸ਼੍ਰੀ ਸੰਜੈ ਕੁਮਾਰ, ਸਕੱਤਰ, ਭਾਰਤੀ ਖੇਤੀ ਖੋਜ ਪਰਿਸ਼ਦ, ਡਾ. ਆਰ ਸੀ ਅਗਰਵਾਲ, ਉਪ-ਮਹਾਂਨਿਰਦੇਸ਼ਕ, ਡਾ. ਅਸ਼ੋਕ ਕੁਮਾਰ ਸਿੰਘ, ਨਿਰਦੇਸ਼ਕ ਅਤੇ ਡਾ. ਰਜਿੰਦਰ ਪ੍ਰਸਾਦ, ਨਿਰਦੇਸ਼ਕ ਨੇ ਵੀ ਬੜੇ ਮੁੱਲਵਾਨ ਵਿਚਾਰ ਸਾਂਝੇ ਕੀਤੇ।
ਇਸ ਸਮਾਗਮ ਵਿਚ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਅਧਿਕਾਰੀਆਂ, ਖੇਤੀਬਾੜੀ ਯੂਨੀਵਰਸਿਟੀਆਂ ਦੇ ਉਪ-ਕੁਲਪਤੀਆਂ ਅਤੇ ਸਾਇੰਸਦਾਨਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਵੀ ਵਰਚੂਅਲ ਮਾਧਿਅਮ ਰਾਹੀਂ ਸ਼ਮੂਲੀਅਤ ਕੀਤੀ।
ਲੋਕ ਸੰਪਰਕ ਦਫਤਰ
ਨਿਰਦੇਸ਼ਾਲਾ ਵਿਦਿਆਰਥੀ ਭਲਾਈ ਅਤੇ ਮਿਲਖ ਅਫਸਰ
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ
Summary in English: Union Agriculture Minister inaugurates 'Virtual Classroom' of Veterinary University in association with 18 other classrooms in the country