ਪਹਾੜੀ ਸੂਬਿਆਂ 'ਚ ਬਰਫਬਾਰੀ ਕਾਰਨ ਮੈਦਾਨੀ ਇਲਾਕਿਆਂ 'ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਅਜਿਹੇ 'ਚ ਮੌਸਮ ਵਿਭਾਗ ਵੱਲੋਂ ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ 'ਚ ਅਲਰਟ ਜਾਰੀ ਕੀਤਾ ਗਿਆ ਹੈ।
![ਠੰਡੀਆਂ ਹਵਾਵਾਂ ਨੇ ਵਧਾਈ ਕੰਬਣੀ ਠੰਡੀਆਂ ਹਵਾਵਾਂ ਨੇ ਵਧਾਈ ਕੰਬਣੀ](https://d2ldof4kvyiyer.cloudfront.net/media/12618/weather-22-1.jpg)
ਠੰਡੀਆਂ ਹਵਾਵਾਂ ਨੇ ਵਧਾਈ ਕੰਬਣੀ
Weather Today: ਉੱਤਰੀ ਭਾਰਤ ਵਿੱਚ ਸਰਦੀਆਂ ਨੇ ਦਸਤਕ ਦੇ ਦਿੱਤੀ ਹੈ। ਨਵੰਬਰ ਖ਼ਤਮ ਹੋਣ ਜਾ ਰਿਹਾ ਹੈ ਅਤੇ ਪਹਾੜਾਂ 'ਚ ਬਰਫਬਾਰੀ ਕਾਰਨ ਮੈਦਾਨੀ ਖੇਤਰ ਠੰਡੇ ਹੋ ਰਹੇ ਹਨ। ਅਜਿਹੇ 'ਚ ਪੰਜਾਬ ਤੋਂ ਲੈ ਕੇ ਬਿਹਾਰ ਤੱਕ ਠੰਡੀਆਂ ਹਵਾਵਾਂ ਨੇ ਕੰਬਣੀ ਵਧਾ ਦਿੱਤੀ ਹੈ, ਜਿਸਦੇ ਚਲਦਿਆਂ ਲੋਕਾਂ ਨੂੰ ਸਵੇਰੇ-ਸ਼ਾਮ ਦੀ ਠੰਡ ਨੇ ਤੜਫਾਉਣਾ ਸ਼ੁਰੂ ਕਰ ਦਿੱਤਾ ਹੈ। ਆਓ ਜਾਣਦੇ ਹਾਂ ਦੇਸ਼ ਦੇ ਮੌਸਮ ਦਾ ਹਾਲ।
ਪੰਜਾਬ-ਹਰਿਆਣਾ ਸਮੇਤ ਇਨ੍ਹਾਂ ਸੂਬਿਆਂ 'ਚ ਵਧੀ ਠੰਡ
ਪਹਾੜੀ ਇਲਾਕਿਆਂ 'ਚ ਚੱਲ ਰਹੀਆਂ ਠੰਡੀਆਂ ਹਵਾਵਾਂ ਕਾਰਨ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ ਸਮੇਤ ਕਈ ਸੂਬਿਆਂ 'ਚ ਠੰਡ ਵਧ ਗਈ ਹੈ। ਤਾਪਮਾਨ 'ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸਦਾ ਸਿੱਧਾ ਅਸਰ ਲੋਕਾਂ 'ਤੇ ਪੈਂਦਾ ਨਜ਼ਰ ਆ ਰਿਹਾ ਹੈ। ਫਿਲਹਾਲ, ਮੌਸਮ ਵਿਭਾਗ ਨੇ ਪੰਜਾਬ ਵਿੱਚ 26 ਨਵੰਬਰ ਤੱਕ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਜਤਾਈ ਹੈ। ਨਾਲ ਹੀ ਕਈ ਥਾਵਾਂ 'ਤੇ ਧੁੰਦ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਦਿੱਲੀ-ਐਨ.ਸੀ.ਆਰ 'ਚ ਅਲਰਟ
ਮੌਸਮ ਵਿਭਾਗ ਅਨੁਸਾਰ ਅਗਲੇ ਇੱਕ ਹਫ਼ਤੇ ਦੌਰਾਨ ਦਿੱਲੀ-ਐਨਸੀਆਰ ਵਿੱਚ ਠੰਡ ਵਧਣ ਦੇ ਆਸਾਰ ਬਣ ਰਹੇ ਹਨ। ਦੱਸ ਦੇਈਏ ਕਿ ਇਸ ਦੌਰਾਨ ਪਹਾੜਾਂ 'ਤੇ ਬਰਫਬਾਰੀ ਹੋਣ ਕਾਰਨ ਦਿੱਲੀ-ਐੱਨਸੀਆਰ 'ਚ ਕੜਾਕੇ ਦੀ ਠੰਡ ਸ਼ੁਰੂ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਵੱਲੋਂ ਠੰਡ ਨੂੰ ਲੈ ਕੇ ਕੀਤੀ ਜਾ ਰਹੀ ਭਵਿੱਖਬਾਣੀ ਦਰਮਿਆਨ ਡਾਕਟਰਾਂ ਨੇ ਲੋਕਾਂ ਨੂੰ ਠੰਡ ਤੋਂ ਬਚਣ ਲਈ ਉਪਾਅ ਕਰਨ ਦੀ ਸਲਾਹ ਜਾਤੀ ਕੀਤੀ ਹੈ। ਠੰਡੀਆਂ ਹਵਾਵਾਂ ਚੱਲਣ ਕਾਰਨ ਮੌਸਮ ਵਿਭਾਗ ਵੱਲੋਂ ਅਲਰਟ ਵੀ ਜਾਰੀ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਉੱਤਰ ਭਾਰਤ ਦੇ ਇਨ੍ਹਾਂ ਸੂਬਿਆਂ 'ਚ ਸੀਤ ਲਹਿਰ ਵਰਗੇ ਹਾਲਾਤ, ਜਾਣੋ ਪਹਾੜਾਂ ਤੋਂ ਮੈਦਾਨਾਂ ਤੱਕ ਮੌਸਮ ਦਾ ਪੂਰਾ ਹਾਲ
ਤਾਪਮਾਨ ਵਿੱਚ ਗਿਰਾਵਟ ਦਰਜ
● ਦਿੱਲੀ ਦਾ ਘੱਟੋ-ਘੱਟ ਤਾਪਮਾਨ 8.9 ਡਿਗਰੀ ਸੈਲਸੀਅਸ ਹੋ ਗਿਆ ਹੈ, ਜਦੋਂਕਿ ਵੱਧ ਤੋਂ ਵੱਧ ਤਾਪਮਾਨ 27.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।
● ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ ਲਖਨਊ 'ਚ ਘੱਟੋ-ਘੱਟ ਤਾਪਮਾਨ 13 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਹੈ।
● ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ 'ਚ ਘੱਟੋ-ਘੱਟ ਤਾਪਮਾਨ ਇੱਕ ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 13 ਡਿਗਰੀ ਸੈਲਸੀਅਸ ਹੈ।
● ਉੱਤਰਾਖੰਡ ਦੇ ਦੇਹਰਾਦੂਨ 'ਚ ਘੱਟੋ-ਘੱਟ ਤਾਪਮਾਨ 12 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਹੈ।
● ਬਿਹਾਰ ਦੀ ਰਾਜਧਾਨੀ ਪਟਨਾ 'ਚ ਘੱਟੋ-ਘੱਟ ਤਾਪਮਾਨ 14 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 28 ਡਿਗਰੀ ਸੈਲਸੀਅਸ ਹੈ।
ਇਹ ਵੀ ਪੜ੍ਹੋ: Weather today: ਉੱਤਰ ਭਾਰਤ ਦੇ ਤਾਪਮਾਨ `ਚ ਆਈ ਭਾਰੀ ਗਿਰਾਵਟ, ਪਹਾੜਾਂ `ਤੇ ਬਰਫ਼ਬਾਰੀ ਜਾਰੀ
ਬਰਫਬਾਰੀ ਦੀ ਭਵਿੱਖਬਾਣੀ
ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ 'ਚ ਬਰਫਬਾਰੀ ਦੀ ਭਵਿੱਖਬਾਣੀ ਕੀਤੀ ਹੈ। ਇਸ ਦੇ ਨਾਲ ਹੀ ਉੱਤਰਾਖੰਡ ਦੇ ਵੀ ਕਈ ਇਲਾਕਿਆਂ 'ਚ ਅੱਜ ਬਰਫਬਾਰੀ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਇੱਥੇ ਕੁਝ ਥਾਵਾਂ 'ਤੇ ਪਾਰਾ ਜ਼ੀਰੋ ਤੋਂ ਵੀ ਹੇਠਾਂ ਚਲਾ ਗਿਆ ਹੈ। ਜਿਸ ਕਾਰਨ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ।
ਮੀਂਹ ਦੀ ਭਵਿੱਖਬਾਣੀ
ਦੱਖਣੀ ਭਾਰਤ ਦੇ ਕੁਝ ਹਿੱਸਿਆਂ ਵਿੱਚ ਹਾਲੇ ਵੀ ਮੀਂਹ ਜਾਰੀ ਹੈ। ਆਈਐਮਡੀ (IMD) ਮੁਤਾਬਕ ਅੱਜ ਵੀ ਦੱਖਣੀ ਭਾਰਤ ਦੇ ਤਾਮਿਲਨਾਡੂ, ਕੇਰਲ ਸਮੇਤ ਕੁਝ ਇਲਾਕਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਵੱਲੋਂ ਜਾਰੀ ਭਾਰੀ ਮੀਂਹ ਦੀ ਚਿਤਾਵਨੀ ਦੇ ਕਾਰਨ ਮਛੇਰਿਆਂ ਨੂੰ ਅਗਲੇ ਦੋ ਦਿਨਾਂ ਤੱਕ ਦੱਖਣ-ਪੱਛਮ ਅਤੇ ਨਾਲ ਲੱਗਦੇ ਦੱਖਣ-ਪੂਰਬੀ ਅਤੇ ਪੱਛਮੀ-ਮੱਧ ਬੰਗਾਲ ਦੀ ਖਾੜੀ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
Summary in English: Cold has increased from Punjab to Bihar, weather department has issued an alert for these states